ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ
Publish Date: Mon, 16 Nov 2026 09:21 PM (IST)
Updated Date: Mon, 16 Nov 2026 09:24 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਿੱਖ ਧਰਮ ਦੇ ਬਾਨੀ ਪਹਿਲੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਤੇ ਸਮੂਹ ਸੰਤ-ਮਹਾਂਪੁਰਸ਼ਾਂ ਦੇ ਵਿਸੇਸ਼ ਸਹਿਯੋਗ ਦੇ ਨਾਲ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰਖਾਨਪੁਰ ਤੋਂ ਅੱਜ ਸਵੇਰੇ ਕਰੀਬ 8:00 ਵਜੇ ਖਾਲਸਾਈ ਜਾਹੋ ਜਲਾਲ ਨਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ, ਜਿਸ ਦਾ ਰਸਤੇ ਵਿੱਚ ਦਰਜਨਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਗਰਮਜੋਸ਼ੀ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰਖਾਨਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵੱਲੋਂ ਹਾਜ਼ਰ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਦੀ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਵੱਲੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ। ਇਸ ਉਪਰੰਤ ਇਹ ਨਗਰ ਕੀਰਤਨ ਗੁਰੂ ਘਰ ਤੋਂ ਜੈਕਾਰਿਆਂ ਦੀਆਂ ਗੂੰਜਾਂ ਤੇ ਫੁੱਲਾਂ ਦੀ ਵਰਖਾ ਦੇ ਵਿੱਚ ਰਵਾਨਾ ਹੋਇਆ, ਜਿਸ ਦੌਰਾਨ ਬੈਂਡ ਵਾਜੇ ਦੀਆਂ ਸੰਗੀਤਕ ਧੁਨਾਂ ਸੰਤ ਬਾਬਾ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕਰਕੇ ਮਾਹੌਲ ਨੂੰ ਖੁਸ਼ਗੁਵਾਰ ਬਣਾਇਆ ਜਾ ਰਿਹਾ ਸੀ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਹੋਰ ਸੰਤ ਮਹਾਂਪੁਰਸ਼ਾਂ ਵੱਲੋਂ ਕੀਰਤਨ ਕਰਦਿਆਂ ਪੂਰੇ ਰਸਤੇ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਤੋਂ ਪਹਿਲਾਂ ਮੀਰੀ ਪੀਰੀ ਗਤਕਾ ਅਖਾੜਾ ਸੈਫਲਾਬਾਦ ਦੀ ਟੀਮ ਵੱਲੋਂ ਗੱਤਕਾ ਕੋਚ ਬੀਬਾ ਗੁਰਵਿੰਦਰ ਕੌਰ ਦੀ ਅਗਵਾਈ ਵਿੱਚ ਗੱਤਕੇ ਦੇ ਜੰਗਜੂ ਜੌਹਰ ਪੇਸ਼ ਕੀਤੇ ਗਏ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਬਾਬਾ ਗੁਰਮੇਜ਼ ਸਿੰਘ ਮੁੱਖ ਸੇਵਾਦਾਰ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ, ਬਾਬਾ ਅਮਰੀਕ ਸਿੰਘ ਖੁਖਰੈਣ ਮੁੱਖ ਸੇਵਾਦਾਰ ਡੇਰਾ ਭਾਈ ਹਰਜੀ ਸਾਹਿਬ ਖੁਖਰੈਣ, ਬਾਬਾ ਮਹਾਤਮਾ ਮੁਨੀ ਮੁੱਖ ਸੇਵਾਦਾਰ ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਬਾਬਾ ਸੁਰਜੀਤ ਸਿੰਘ ਸ਼ੰਟੀ, ਬਾਬਾ ਹੀਰਾ ਸਿੰਘ, ਬਾਬਾ ਸੁੱਖਾ ਸਿੰਘ ਲੰਗਰਾਂ ਵਾਲੇ ਆਦਿ ਵੀ ਹਾਜ਼ਰ ਸਨ। ਇਸ ਮੌਕੇ ਹਾਜ਼ਰਾਂ ਚ ਸੂਬੇਦਾਰ ਮੇਜਰ ਲਛਮਣ ਸਿੰਘ ਬਲੇਰ, ਸੁਖਵਿੰਦਰ ਸਿੰਘ ਸਰਪੰਚ ਬਲੇਰਖਾਨਪੁਰ, ਅਮਰਜੀਤ ਸਿੰਘ ਨਿੱਝਰ, ਇੰਦਰਜੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਗੋਪੀ, ਅੰਮ੍ਰਿਤਪਾਲ ਸਿੰਘ ਸੀਚੇਵਾਲ, ਮਨਜੀਤ ਸਿੰਘ ਗੋਨਾਚੱਕ, ਮਾਸਟਰ ਸੁਖਜਿੰਦਰ ਸਿੰਘ ਗੋਲਡੀ, ਜਸਵੀਰ ਸਿੰਘ ਟੌਹਰ, ਦਇਆ ਸਿੰਘ ਸੀਚੇਵਾਲ ਸਮੇਤ ਕਈ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਰਸਤੇ ਵਿੱਚ ਸੰਗਤਾਂ ਦੀ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਦਾਰਥਾਂ ਨਾਲ ਸੇਵਾ ਕੀਤੀ ਗਈ।