ਜੀਐੱਨਏ ਯੂਨੀਵਰਸਿਟੀ ਨੇ ਕਰਵਾਇਆ ਕਨਵੋਕੇਸ਼ਨ ਸਮਾਰੋਹ ਜੀਐਨਏ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਸਮਾਰੋਹ 2026 ਦਾ ਸ਼ਾਨਦਾਰ ਆਯੋਜਨ
Publish Date: Sun, 29 Nov 2026 06:54 PM (IST)
Updated Date: Sun, 29 Nov 2026 06:55 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਐੱਨਏ ਯੂਨੀਵਰਸਿਟੀ ਵਿਖੇ ਸਾਲ 2026 ਦੇ ਬੈਚ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਤੇ ਗੌਰਵਮਈ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਯੰਤ ਦਾਵਰ, ਸੰਸਥਾਪਕ, ਕਾਰਜਕਾਰੀ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ, ਸੰਧਰ ਟੈਕਨੋਲੋਜੀਜ਼ ਲਿਮਟਿਡ ਨੇ ਆਪਣੀ ਵਿਸ਼ੇਸ਼ ਹਾਜ਼ਰੀ ਨਾਲ ਸਮਾਰੋਹ ਦੀ ਸ਼ੋਭਾ ਵਧਾਈ। ਸਮਾਰੋਹ ਵਿੱਚ ਚਾਂਸਲਰ ਗੁਰਦੀਪ ਸਿੰਘ ਸੀਹਰਾ, ਪ੍ਰੋ-ਚਾਂਸਲਰ ਜਸਲੀਨ ਸੀਹਰਾ, ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਡਾ. ਕੁਨਾਲ ਬੈਂਸ, ਡੀਨ ਅਕਾਦਮਿਕਸ ਡਾ. ਮੋਨਿਕਾ ਹੰਸਪਾਲ, ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ. ਨੀਰਜ ਪੁਰੀ ਤੇ ਡਿਪਟੀ ਕੰਟਰੋਲਰ ਐਗਜ਼ਾਮੀਨੇਸ਼ਨ ਡਾ. ਅਨਿਲ ਪੰਡਿਤ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਗਿਆਨ ਦੀ ਜੋਤ ਜਗਾ ਕੇ ਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਕਾਮਿਨੀ ਵਰਮਾ ਨੇ ਸਮਾਰੋਹ ਦਾ ਬਾਖੂਬੀ ਸੰਚਾਲਨ ਕੀਤਾ। ਉਨ੍ਹਾਂ ਨੇ ਜੀਐੱਨਏ ਗਰੁੱਪ ਦੀ ਸ਼ਾਨਦਾਰ ਉਦਯੋਗਿਕ ਵਿਰਾਸਤ ਤੇ ਜੀਐੱਨਏ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ। ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਯਾਤਰਾ ਦੌਰਾਨ ਚਾਂਸਲਰ ਐੱਸ. ਗੁਰਦੀਪ ਸਿੰਘ ਸੀਹਰਾ ਵੱਲੋਂ ਮੁੱਖ ਮਹਿਮਾਨ ਸ਼੍ਰੀ ਜਯੰਤ ਦਾਵਰ ਦਾ ਸਨਮਾਨ ਅਤੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਸਵਾਗਤੀ ਭਾਸ਼ਣ ਤੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਨਵੋਕੇਸ਼ਨ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵਿਦੁਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨ ਪ੍ਰਤਿਭਾਵਾਂ ਨੇ ਸਕਾਰਾਤਮਕ ਸੋਚ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਸਫਲਤਾ ਹਾਸਲ ਕੀਤੀ ਹੈ। ਮੁੱਖ ਮਹਿਮਾਨ ਜਯੰਤ ਦਾਵਰ, ਸੰਸਥਾਪਕ, ਕਾਰਜਕਾਰੀ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ, ਸੰਧਰ ਟੈਕਨੋਲੋਜੀਜ਼ ਲਿਮਟਿਡ ਨੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਜੀਐੱਨਏ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ, ਇਹ ਤੁਹਾਡਾ ਦਿਨ ਹੈ ਤੇ ਆਪਣੀ ਸਖ਼ਤ ਮਿਹਨਤ ਤੇ ਸਮਰਪਣ ਨਾਲ ਹਰ ਆਉਣ ਵਾਲੇ ਦਿਨ ਨੂੰ ਵੀ ਆਪਣਾ ਬਣਾਓ। ਜੀਐੱਨਏ ਯੂਨੀਵਰਸਿਟੀ ਵੱਲੋਂ ਸਮਾਜ, ਉਦਯੋਗ ਤੇ ਦੇਸ਼ ਪ੍ਰਤੀ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਮਾਨਤਾ ਦਿੰਦਿਆਂ ਜਯੰਤ ਦਾਵਰ ਤੇ ਪ੍ਰੋ. ਅਚਯੁਤ ਸਮੰਤਾ ਨੂੰ ਡਾਕਟਰੇਟ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਯੂਨੀਵਰਸਿਟੀ ਵੱਲੋਂ ਅਕਾਦਮਿਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ, ਉੱਤਮ ਚਰਿੱਤਰ ਤੇ ਵਿਸ਼ੇਸ਼ ਪ੍ਰਾਪਤੀਆਂ ਲਈ ਬੀਟੈੱਕ ਰੋਬੋਟਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਦੇ ਵਿਦਿਆਰਥੀ ਏਕਮਜੀਤ ਸਿੰਘ ਨੂੰ ਯੂਨੀਵਰਸਿਟੀ ਦੇ ਸਭ ਤੋਂ ਵੱਕਾਰੀ ਸਨਮਾਨ ਗਵਰਨਰਜ਼ ਮੈਡਲ ਨਾਲ ਨਿਵਾਜਿਆ ਗਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿੱਚ 36 ਸੋਨੇ ਦੇ, 32 ਚਾਂਦੀ ਦੇ ਤੇ 26 ਕਾਂਸੀ ਦੇ ਮੈਡਲ ਸ਼ਾਮਲ ਸਨ। ਇਸ ਤੋਂ ਇਲਾਵਾ, 15 ਪੀਐੱਚਡੀ, 139 ਪੋਸਟ ਗ੍ਰੈਜੂਏਟ ਤੇ 620 ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।