ਗ੍ਰਾਮ ਪੰਚਾਇਤ ਨੇ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ
ਗ੍ਰਾਮ ਪੰਚਾਇਤ ਨੇ ਪੰਚਾਇਤੀ ਜਮੀਨ ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਉਣ ਵਾਲਿਆਂ ਤੋਂ ਮੁੜ ਵਾਪਸ ਲਿਆ ਕਬਜ਼ਾ
Publish Date: Sat, 04 Apr 2026 08:39 PM (IST)
Updated Date: Sat, 04 Apr 2026 08:40 PM (IST)

--ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਡਾਲਾ ਵੱਲੋਂ ਕੀਤੀ ਗਈ ਕਾਰਵਾਈ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਡਾਲਾ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਉਣ ਵਾਲੇ ਦੋ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਮੁੜ ਕਬਜ਼ਾ ਗ੍ਰਾਮ ਪੰਚਾਇਤ ਨੂੰ ਦਿਵਾਇਆ ਗਿਆ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਡਾਲਾ ਵੱਲੋਂ ਪਿੰਡ ਡੋਗਰਵਾਲ ਵਿਖੇ ਮੰਗਾ ਪੁੱਤਰ ਦਲੀਪ ਸਿੰਘ ਨਿਵਾਸੀ ਡੋਗਰਾਂਵਾਲਾ ਵੱਲੋਂ ਗ੍ਰਾਮ ਪੰਚਾਇਤ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਉਣ ਤੇ ਉਸ ਨੂੰ ਘਰ ਢਾਹ ਕੇ ਨਜਾਇਜ਼ ਕਬਜ਼ਾ ਹਟਾਉਣ ਦਾ ਟਾਈਮ ਦਿੱਤਾ ਗਿਆ ਸੀ। ਦੋਸ਼ੀ ਵੱਲੋਂ ਮਿਥੇ ਸਮੇਂ ਅੰਦਰ ਨਜਾਇਜ਼ ਕਬਜ਼ਾ ਨਹੀਂ ਹਟਾਇਆ ਗਿਆ। ਇਸ ’ਤੇ ਬੀਡੀਪੀਓ ਤੇ ਸਰਕਾਰੀ ਕਰਮਚਾਰੀਆਂ ਵੱਲੋਂ ਨਜਾਇਜ਼ ਕਬਜ਼ਾ ਢਾਹ ਦਿੱਤਾ ਗਿਆ ਤੇ ਗ੍ਰਾਮ ਪੰਚਾਇਤ ਨੂੰ ਕਬਜ਼ਾ ਵਾਪਸ ਦਿਵਾਇਆ ਗਿਆ। ਜਾਂਚ ਕਰਨ ਉਪਰੰਤ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਪੁਲਿਸ ਸਟੇਸ਼ਨ ਸੁਭਾਨਪੁਰ ਵਿਖੇ ਐੱਨਡੀਪੀਐੱਸ ਐਕਟ ਦੇ ਤਹਿਤ ਪਰਚੇ ਦਰਜ ਹਨ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪਰਮਜੀਤ ਕੌਰ ਪਤਨੀ ਲਖਵੀਰ ਸਿੰਘ ਨਿਵਾਸੀ ਡੋਗਰਵਾਲ ਵੱਲੋਂ ਵੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਕੇ ਘਰ ਬਣਾਉਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਘਰ ਢਾਹ ਕੇ ਗ੍ਰਾਮ ਪੰਚਾਇਤ ਨੂੰ ਕਬਜ਼ਾ ਵਾਪਸ ਦਿਵਾਇਆ ਹੈ। ਉਕਤ ਮਹਿਲਾ ਦੇ ਖਿਲਾਫ ਵੀ ਪੁਲਿਸ ਸਟੇਸ਼ਨ ਨਿਊ ਬਾਰਾਦਰੀ ਜਲੰਧਰ, ਪੁਲਿਸ ਸਟੇਸ਼ਨ ਸੁਭਾਨਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਪਰਚੇ ਦਰਜ ਹਨ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਨਜਾਇਜ਼ ਕਬਜ਼ਿਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਭਵਿੱਖ ਵਿਚ ਵੀ ਇਹ ਜਾਰੀ ਰਹਿਣਗੀਆਂ।