ਸਰਕਾਰਾਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਕਰਦੀਆਂ: ਚੀਮਾ/ਰਾਏ ਸਰਕਾਰਾਂ ਆਪ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜ਼ਬੂਰ ਕਰਦੀਆਂ ਹਨ: ਚੀਮਾ/ਰਾਏ
Publish Date: Sun, 06 Sep 2026 09:51 PM (IST)
Updated Date: Sun, 06 Sep 2026 09:52 PM (IST)
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਸਰਕਾਰਾਂ ਆਪ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜ਼ਬੂਰ ਕਰਦੀਆਂ ਹਨ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਖੁਸ਼ਹਾਲ ਹੋਵੇ, ਸਰਕਾਰਾਂ ਕਿਸਾਨਾਂ ਦੀਆਂ ਸੋਨੇ ਵਰਗੀਆਂ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਵੱਡੇ ਘਰਾਣਿਆਂ ਦੇ ਹਵਾਲੇ ਕਰਨੀਆਂ ਚਾਹੁੰਦੀਆਂ ਹਨ ਤੇ ਉਹ ਖੁੱਦ ਖੇਤੀ ਕਰਕੇ ਆਪਣੀ ਮਨਮਰਜ਼ੀ ਦੇ ਭਾਅ ਸਾਨੂੰ ਵੇਚਣਗੀਆਂ, ਜਿਸ ਨਾਲ ਦੇਸ਼ ਵਿੱਚ ਅੱਤ ਦੀ ਗਰੀਬੀ ਫੈਲ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿਛਲੇ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਵਿਖੇ ਚੱਲ ਰਹੇ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਕਪੂਰਥਲਾ ਹਲਕਾ ਭੁਲੱਥ ਤੋਂ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਮੀਤ ਪ੍ਰਧਾਨ ਅਮਰੀਕ ਸਿੰਘ ਰਾਏ ਨੇ ਸਾਂਝੇ ਬਿਆਨ ਰਾਹੀਂ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀ ਨੀਅਤ ਤੇ ਨੀਤੀ ਦੋਵਾਂ ਵਿੱਚ ਫਰਕ ਹੈ। ਸਰਕਾਰ ਨਾ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਭਾਅ ਦੇ ਰਹੀਆਂ ਹਨ, ਉਪਰੋਂ ਕਿਸਾਨਾਂ ਦਾ ਗਲਾ ਘੁੱਟ ਕੇ ਖੇਤੀ ਨੂੰ ਖਤਮ ਕਰਨ ’ਤੇ ਲੱਗੀਆਂ ਹੋਈਆਂ ਹਨ। ਆਗੂਆਂ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਰੂਪ ਰੇਖਾ ਕੁੱਝ ਹੋਰ ਹੀ ਹੋ ਸਕਦੀ ਹੈ। ਕਿਸਾਨ ਅੱਤ ਦੀ ਗਰਮੀ ਵਿੱਚ ਆਪਣਾ ਘਰ ਦਾ ਕੰਮਕਾਜ ਛੱਡ ਕੇ ਸੜਕਾਂ ’ਤੇ ਸੋਣ ਲਈ ਮਜ਼ਬੂਰ ਹੋ ਰਿਹਾ ਹੈ ਕਿਉਂਕਿ ਕਿਸਾਨ ਕੋਲ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ ਕਿਉਂਕਿ ਕੋਈ ਵੀ ਅਜਿਹਾ ਮਸਲਾ ਨਹੀਂ ਹੁੰਦਾ ਜੋ ਗੱਲਬਾਤ ਰਾਹੀਂ ਹੱਲ ਨਹੀਂ ਹੋ ਸਕਦਾ। ਇਸ ਧਰਨੇ ਵਿੱਚ ਭੁਲੱਥ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸੀ. ਮੀਤ ਪ੍ਰਧਾਨ ਜਗਜੀਤ ਸਿੰਘ ਮੁਬਾਰਕਪੁਰ, ਸੋਮਨਾਥ ਮੁੱਖ ਸਲਾਹਕਾਰ ਮੁਬਾਰਕਪੁਰ, ਗੁਰਨਾਮ ਸਿੰਘ ਪੰਡੋਰੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।