ਜੀਟੀਯੂ ਟੈਟ ਦੀ ਸ਼ਰਤ ਦਾ ਡੱਟ ਕੇ ਵਿਰੋਧ ਕਰੇਗੀ : ਬੱਧਣ
ਗੋਰਮਿੰਟ ਟੀਚਰ ਯੂਨੀਅਨ ਅਧਿਆਪਕਾਂ ਤੇ ਲਾਈ ਜਾ ਰਹੀ ਟੈਟ ਦੀ ਸ਼ਰਤ ਦਾ ਡੱਟ ਕੇ ਵਿਰੋਧ ਕਰੇਗੀ
Publish Date: Fri, 13 Feb 2026 07:17 PM (IST)
Updated Date: Fri, 13 Feb 2026 07:21 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਆਗੂਆਂ ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬੂਲਪੁਰ, ਜਗਜੀਤ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਅਵਤਾਰ ਸਿੰਘ, ਯਾਦਵਿੰਦਰ ਸਿੰਘ, ਪਰਮਿੰਦਰ ਸਿੰਘ ਸੈਦਪੁਰ, ਬਲਜੀਤ ਸਿੰਘ ਟਿੱਬਾ ਨੇ ਕਿਹਾ ਕਿ 2011 ਤੋਂ ਪਹਿਲਾਂ ਸਕੂਲਾਂ ਚ ਨਿਯੁਕਤ ਅਧਿਆਪਕਾਂ ਉੱਪਰ ਟੈਟ ਪਾਸ ਕਰਨ ਦੀ ਸ਼ਰਤ ਗੈਰ-ਸੰਵਿਧਾਨਿਕ ਹੈ। ਗੌਰਮਿੰਟ ਟੀਚਰ ਯੂਨੀਅਨ ਇਸ ਦਾ ਡੱਟ ਕੇ ਵਿਰੋਧ ਕਰੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫ਼ੈਸਲੇ ਵਿਰੁੱਧ ਰੀਵਿਊ ਪਟੀਸ਼ਨ ਦਾਇਰ ਕਰ ਕੇ ਅਧਿਆਪਕਾਂ ਦਾ ਸਹੀ ਪੱਖ ਰੱਖਣਾ ਚਾਹੀਦਾ ਹੈ। 2011 ਤੋਂ ਪਹਿਲਾਂ ਨਿਯੁਕਤ ਅਧਿਆਪਕ ਆਪਣੇ ਸਮੇਂ ਦੌਰਾਨ ਟੈਸਟ ਪਾਸ ਕਰਨ ਉਪਰੰਤ ਹੀ ਨਿਯੁਕਤ ਕੀਤੇ ਗਏ ਸਨ। ਅਧਿਆਪਕਾਂ ਚ ਪੰਜਾਬ ਸਰਕਾਰ ਵਿਰੁੱਧ ਰੋਸ ਉਸ ਸਮੇਂ ਹੋਰ ਵੀ ਫੈਲ ਗਿਆ, ਜਦੋਂ ਪੰਜਾਬ ਸਰਕਾਰ ਵਲੋਂ ਟੈਟ ਦੀ ਸ਼ਰਤ ਲਾਜ਼ਮੀ ਕਰਾਰ ਦੇ ਕੇ ਇਕ ਪੱਤਰ ਜਾਰੀ ਕਰ ਦਿੱਤਾ, ਜਿਸ ਕਾਰਨ ਅਧਿਆਪਕਾਂ ਦੀਆਂ ਤਰੱਕੀਆਂ ਰੋਕ ਲਈਆਂ ਗਈਆਂ ਹਨ। ਸਮੂਹ ਜਥੇਬੰਦੀਆਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ 12 ਫਰਵਰੀ ਨੂੰ ਇਸ ਪੱਤਰ ਦੀਆਂ ਕਾਪੀਆਂ ਰੋਸ ਪ੍ਰਦਰਸ਼ਨ ਕਰਕੇ ਵੀ ਫੂਕੀਆਂ ਜਾਣਗੀਆਂ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਟ ਦੀ ਸ਼ਰਤ ਵਿਰੁੱਧ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇ। ਆਗੂਆਂ ਦੱਸਿਆ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਟੈਟ ਦੀ ਸ਼ਰਤ ਵਾਪਸ ਨਾ ਲਈ ਗਈ ਤਾਂ 22 ਫਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਸਰਕਾਰ ਨੂੰ 16 ਫੀਸਦੀ ਡੀਏ, ਪੁਰਾਣੀ ਪੈਨਸ਼ਨ ਤੇ ਹੋਰ ਭੱਤੇ ਬਹਾਲ ਕਰਨ ਦੀ ਮੰਗ ਕੀਤੀ ਗਈ।