ਜੀਟੀਯੂ ਪੰਜਾਬ ਨੇ ਅਧਿਆਪਕਾ ਦੀ ਖਿੱਚ-ਧੂਹ ਦੀ ਕੀਤੀ ਨਿਖੇਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ 180 ਈ. ਟੀ. ਟੀ. ਅਧਿਆਪਕਾ ਦੀ ਕੀਤੀ ਖਿੱਚ-ਧੂਹ ਅਤੇ ਤਸੱਦਦ ਦੀ ਸਖ਼ਤ ਨਿਖੇਧੀ
Publish Date: Sat, 22 Aug 2026 06:23 PM (IST)
Updated Date: Sat, 22 Aug 2026 06:24 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੌਰਮਿੰਟ ਟੀਚਰਜ਼ (ਜੀਟੀਯੂ) ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਬੱਧਣ, ਤਹਿਸੀਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਚੌਹਾਨ, ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਬਾਹਰ ਨਿਆਂ ਦੀ ਮੰਗ ਕਰ ਰਹੇ 180 ਈਟੀਟੀ ਅਧਿਆਪਕਾਂ ਨਾਲ ਕੀਤੀ ਗਈ ਕਥਿਤ ਧੱਕੇਸ਼ਾਹੀ ਤੇ ਤਸ਼ੱਦਦ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਯੂਨੀਅਨ ਨੇ ਕਿਹਾ ਕਿ ਆਪਣੇ ਹੱਕਾਂ ਤੇ ਨਿਆਂ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ, ਖਿੱਚ-ਧੂਹ ਤੇ ਮਾਰਕੁੱਟ ਕੀਤੀ ਗਈ। ਮਹਿਲਾ ਅਧਿਆਪਕਾਂ ਨਾਲ ਵੀ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਜ਼ਬਰਦਸਤੀ ਚੁੱਕ ਕੇ ਪੁਲਿਸ ਦੀਆਂ ਗੱਡੀਆਂ ਵਿੱਚ ਸੁੱਟੇ ਜਾਣ ਤੇ ਪੱਗਾਂ ਦੀ ਬੇਅਦਬੀ ਕੀਤੇ ਜਾਣ ਦੇ ਦੋਸ਼ ਵੀ ਸਾਹਮਣੇ ਆਏ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਅਧਿਆਪਕ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਨ ਦੀ ਬਜਾਏ ਜੇਕਰ ਸਰਕਾਰ ਪੁਲਿਸ ਤਾਕਤ ਦੀ ਵਰਤੋਂ ਕਰਦੀ ਹੈ ਤਾਂ ਇਹ ਲੋਕਤੰਤਰਿਕ ਹੱਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 180 ਈਟੀਟੀ ਅਧਿਆਪਕਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਪ੍ਰਦਰਸ਼ਨ ਦੌਰਾਨ ਹੋਈ ਕਥਿਤ ਧੱਕੇਸ਼ਾਹੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।