ਪ੍ਰਵਾਸੀ ਵੀਰਾਂ ਦੁਨੀਆ ਭਰ ’ਚ ਪੰਜਾਬ ਦਾ ਮਾਣ ਵਧਾਇਆ : ਸੰਤ ਸੀਚੇਵਾਲ ਪ੍ਰਵਾਸੀ ਪੰਜਾਬੀਆਂ ਦੀ ਮਿਹਨਤ ਨੇ ਦੁਨੀਆ ਭਰ ’ਚ ਪੰਜਾਬ ਦਾ ਮਾਣ ਵਧਾਇਆ: ਸੰਤ ਸੀਚੇਵਾਲ
Publish Date: Tue, 08 Sep 2026 09:43 PM (IST)
Updated Date: Tue, 08 Sep 2026 09:46 PM (IST)
ਵਿਦੇਸ਼ਾਂ ’ਚ ਵੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ’ ਦੇ ਸਿਧਾਂਤ ਨੂੰ ਅਮਲੀ ਰੂਪ ਦੇ ਰਹੇ ਪੰਜਾਬੀ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇੰਗਲੈਂਡ ਦੀ ਵਿਦੇਸ਼ ਯਾਤਰਾ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ, ਕਾਰੋਬਾਰੀਆਂ ਤੇ ਸਮਾਜ ਸੇਵੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਮਿਹਨਤ, ਸਿਦਕ ਤੇ ਹੌਸਲੇ ਨੇ ਦੁਨੀਆ ਭਰ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਇੰਗਲੈਂਡ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਆਪਣੀ ਇਸ ਯਾਤਰਾ ਦੌਰਾਨ ਉਨ੍ਹਾਂ ਪੰਜਾਬ ਦੇ ਕੋਟ ਈਸੇ ਖਾਂ ਨਾਲ ਸਬੰਧਤ ਭਾਂਡਿਆਂ ਦੇ ਕਾਰੋਬਾਰੀ ਸੂਦ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਮਾਜ ਸੇਵਾ, ਲੋਕ ਭਲਾਈ ਤੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਤਰ੍ਹਾਂ ਸੰਤ ਸੀਚੇਵਾਲ ਨੇ ਬਰਮਿੰਘਮ ਵਿਖੇ ਗਿੱਲ ਗਰੁੱਪ ਫਾਊਂਡੇਸ਼ਨ ਦਾ ਦੌਰਾ ਕੀਤਾ ਤੇ ਕੰਪਨੀ ਦੇ ਮਾਲਕ ਰਾਜ ਗਿੱਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬੀ ਕਾਰੀਗਰਾਂ ਵੱਲੋਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਕਿਚਨ ਫੈਕਟਰੀਆਂ, ਹੈਵਨ ਡਿਜ਼ਾਈਨ ਕਿਚਨ ਦੇ ਮਾਲਕ ਗੁਰਜੀਤ ਸਿੰਘ ਤੇ ਐੱਲਟੀਬੀ ਬੈੱਡਰੂਮ ਐਂਡ ਕਿਚਨ ਦੇ ਮਾਲਕ ਸੁਖਵੰਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਸੰਤ ਸੀਚੇਵਾਲ ਨੇ ਇਨ੍ਹਾਂ ਫੈਕਟਰੀਆਂ ਵਿੱਚ ਚੱਲ ਰਹੇ ਕੰਮਕਾਜ ਨੂੰ ਨੇੜਿਓਂ ਦੇਖਿਆ ਤੇ ਕਾਰੋਬਾਰ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੁਲਵਰਹੈਂਪਟਨ ਵਿਖੇ ਸ਼ਟਰ ਫੈਕਟਰੀ ਦੇ ਮਾਲਕ ਸੋਢੀ ਕੋਨੂਰ ਨਾਲ ਮੁਲਾਕਾਤ ਕੀਤੀ ਤੇ ਫੈਕਟਰੀ ਦੇ ਕੰਮਕਾਜ ਤੇ ਕਾਰੋਬਾਰ ਬਾਰੇ ਜਾਣਕਾਰੀ ਲਈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬੀ ਆਪਣੀ ਮਾਤ-ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਣ ਦੇ ਬਾਵਜੂਦ ਪੰਜਾਬ ਨਾਲ ਆਪਣਾ ਮੋਹ ਤੇ ਲੋਕ ਭਲਾਈ ਨਾਲ ਜੁੜਾਅ ਅੱਜ ਵੀ ਉਸੇ ਤਰ੍ਹਾਂ ਕਾਇਮ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ, ਹੁਨਰ, ਇਮਾਨਦਾਰੀ ਤੇ ਲਗਨ ਨਾਲ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੀ ਪੰਜਾਬੀ ਨੌਜਵਾਨ ਪੀੜ੍ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ’ ਦੇ ਸਿਧਾਂਤ ਨੂੰ ਅਮਲੀ ਰੂਪ ਦੇ ਰਹੀ ਹੈ। ਆਪਣੀ ਮਿਹਨਤ ਤੇ ਕਾਬਲੀਅਤ ਨਾਲ ਉਹ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਰਹੇ ਹਨ, ਸਗੋਂ ਹੋਰਨਾਂ ਲੋਕਾਂ ਲਈ ਵੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ।