ਨਸ਼ੇ ’ਤੇ ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਾਉਣਾ ਬੰਦ ਕਰੇ ਸਰਕਾਰ : ਭੰਡਾਲ ਨਸ਼ੇ ’ਤੇ ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਾਉਣਾ ਬੰਦ ਕਰੇ ਸਰਕਾਰ : ਭੰਡਾਲ
Publish Date: Tue, 08 Sep 2026 09:31 PM (IST)
Updated Date: Tue, 08 Sep 2026 09:31 PM (IST)
ਪੀੜਤ ਬਾਪ ਦੀ ਮੌਤ ਲਈ ਸਰਕਾਰ ਜਵਾਬ ਦੇਵੇ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਤੇ ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨਾਲ ਹੋ ਰਹੇ ਕਥਿਤ ਧੱਕੇਸ਼ਾਹੀ ਦੇ ਮਾਮਲਿਆਂ ਤੇ ਸੂਬਾ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਤੇ ਉਸ ਦੀ ਨਸਲਕੁਸ਼ੀ ਲਈ ਨਸ਼ੇ ਨੂੰ ਯੋਜਨਾਬੱਧ ਢੰਗ ਨਾਲ ਫੈਲਣ ਦਿੱਤਾ ਜਾ ਰਿਹਾ ਹੈ, ਜਦਕਿ ਸੱਚ ਬੋਲਣ ਵਾਲਿਆਂ ਨੂੰ ਪੁਲਸੀਆਂ ਜ਼ੋਰ ਨਾਲ ਚੁੱਪ ਕਰਾਇਆ ਜਾ ਰਿਹਾ ਹੈ। ਭੰਡਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਹੀ ਨਸ਼ਾ ਗੰਭੀਰ ਸਮੱਸਿਆ ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨੇ ਨਸ਼ਾ-ਮੁਕਤ ਪੰਜਾਬ ਦੇ ਸਰਕਾਰੀ ਦਾਅਵਿਆਂ ਨੂੰ ਕਾਲਾ ਝੰਡਾ ਦਿਖਾ ਕੇ ਚੁਣੌਤੀ ਦਿੱਤੀ ਤਾਂ ਉਸ ਨਾਲ ਕਥਿਤ ਕੁੱਟਮਾਰ ਤੇ ਪੁਲਿਸ ਤਸ਼ੱਦਦ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿੱਚ ਆਪਣੇ ਨਸ਼ਾ-ਪੀੜਤ ਪੁੱਤ ਲਈ ਇਨਸਾਫ਼ ਮੰਗ ਰਹੇ ਗੁਲਜ਼ਾਰ ਸਿੰਘ ਨੂੰ ਸਰਕਾਰੀ ਤੰਤਰ ਨੇ ਜਲੀਲ ਕੀਤਾ। ਭੰਡਾਲ ਨੇ ਕਿਹਾ,“ਇੱਕ ਬਾਪ ਆਪਣੇ ਘਰ ਦੀ ਬਰਬਾਦੀ ਦਾ ਦਰਦ ਸੁਣਾ ਰਿਹਾ ਸੀ, ਪਰ ਉਸ ਨੂੰ ਇਨਸਾਫ਼ ਦੇਣ ਦੀ ਥਾਂ ਬੇਇੱਜ਼ਤ ਕੀਤਾ ਗਿਆ। ਇਹੀ ਜ਼ੁਲਮ ਉਸ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਕਰ ਗਿਆ,”। ਗੁਰਦੀਪ ਸਿੰਘ ਭੰਡਾਲ ਨੇ ਦੋਸ਼ ਲਾਇਆ ਕਿ ਅੱਜ ਨੌਕਰੀ ਮੰਗਣ ਵਾਲੇ ਨੌਜਵਾਨਾਂ, ਹੱਕ ਮੰਗਣ ਵਾਲੇ ਮੁਲਾਜ਼ਮਾਂ ਤੇ ਨਸ਼ੇ ਖ਼ਿਲਾਫ਼ ਬੋਲਣ ਵਾਲੇ ਹਰ ਨਾਗਰਿਕ ਨਾਲ ਦਮਨਕਾਰੀ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕਾ ਹੈ। ਅੰਤ ਵਿੱਚ ਭੰਡਾਲ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਦਲ “ਵਾਰਿਸ ਪੰਜਾਬ ਦੇ” ਗੁਲਜ਼ਾਰ ਸਿੰਘ ਦੀ ਮੌਤ ਤੇ ਚੁੱਪ ਨਹੀਂ ਬੈਠੇਗਾ। ਜਦ ਤੱਕ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਪਾਰਟੀ ਵੱਲੋਂ ਸੂਬਾ ਪੱਧਰੀ ਸੰਘਰਸ਼ ਨੂੰ ਲਾਮਬੰਦ ਕੀਤਾ ਜਾਵੇਗਾ।