ਨੰਬਰਦਾਰਾਂ ਦਾ ਮਾਣ ਭੱਤਾ 10 ਹਜ਼ਾਰ ਕੀਤਾ ਜਾਵੇ : ਭੁੱਲਰ ਵਾਅਦਿਆਂ ਤੋਂ ਮੁੱਕਰੀ ਸਰਕਾਰ, ਨੰਬਰਦਾਰਾਂ ਦਾ ਸਬਰ ਟੁੱਟਣ ਕੰਢੇ
Publish Date: Sun, 02 Aug 2026 09:28 PM (IST)
Updated Date: Sun, 02 Aug 2026 09:31 PM (IST)
ਰਹਿੰਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਵਾਅਦਿਆਂ ਤੋਂ ਮੁੱਕਰੀ ਸਰਕਾਰ, ਨੰਬਰਦਾਰਾਂ ਦਾ ਸਬਰ ਟੁੱਟਣ ਕੰਢੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਨੰਬਰਦਾਰ ਯੂਨੀਅਨ (ਰਜਿ. 643) ਇਕਾਈ ਸੁਲਤਾਨਪੁਰ ਲੋਧੀ ਨੇ ਸੂਬਾ ਸਰਕਾਰ ਨੂੰ ਦੋ-ਟੁੱਕ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਗਏ ਤਾਂ ਸੂਬੇ ਭਰ ਦੇ ਨੰਬਰਦਾਰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਯੂਨੀਅਨ ਨੇ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਸਾਰੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇੱਥੇ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਨੰਬਰਦਾਰ ਸਦੀਆਂ ਤੋਂ ਪਿੰਡਾਂ ਵਿੱਚ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਕੜੀ ਵਜੋਂ ਸੇਵਾ ਨਿਭਾ ਰਹੇ ਹਨ। ਕਾਨੂੰਨ-ਵਿਵਸਥਾ ਕਾਇਮ ਰੱਖਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਤੱਕ ਹਰ ਜ਼ਿੰਮੇਵਾਰੀ ਨਿਭਾਉਣ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦਾ ਸਰਕਾਰ ਨੇ ਨੰਬਰਦਾਰਾਂ ਦੀ ਮਾਨ-ਮਰਿਆਦਾ ਬਹਾਲ ਕਰਨ, ਮਾਣ ਭੱਤਾ ਵਧਾਉਣ ਤੇ ਬਾਕੀ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਦੇ ਵਾਅਦੇ ਕੀਤੇ ਸਨ, ਪਰ ਅੱਜ ਤੱਕ ਕੋਈ ਵੀ ਵਾਅਦਾ ਹਕੀਕਤ ਨਹੀਂ ਬਣਿਆ। ਸਾਬਕਾ ਪ੍ਰਧਾਨ ਮੰਗਲ ਸਿੰਘ ਭੱਟੀ ਤੇ ਸਕੱਤਰ ਕੁਲਦੀਪ ਸਿੰਘ ਸਾਗਰਾਂ ਨੇ ਕਿਹਾ ਕਿ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਹੱਕ ਵਜੋਂ ਬਹਾਲ ਕੀਤਾ ਜਾਵੇ, ਸਾਰੇ ਨੰਬਰਦਾਰਾਂ ਨੂੰ ਟੋਲ ਪਲਾਜ਼ਿਆਂ ਤੇ ਮੁਫ਼ਤ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ ਤੇ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾਵਾਰ ਮਾਣ ਭੱਤਾ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨੂੰ ਸਿਰਫ਼ ਡਿਊਟੀਆਂ ਵੇਲੇ ਯਾਦ ਕਰਨਾ ਤੇ ਹੱਕਾਂ ਦੇ ਮਾਮਲੇ ਵਿੱਚ ਅਣਡਿੱਠਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਮੀਟਿੰਗ ਵਿੱਚ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਹੋਏ ਲਾਠੀਚਾਰਜ, ਅਧਿਆਪਕਾਂ ਤੇ ਮਿਡ-ਡੇ ਮੀਲ ਕੁੱਕਾਂ ਖ਼ਿਲਾਫ਼ ਹੋਈ ਕਾਰਵਾਈ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਮੁਲਾਜ਼ਮਾਂ ਤੇ ਡੰਡੇ ਚਲਾਉਣਾ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ। ਇਸ ਮੌਕੇ ਮੰਗਲ ਸਿੰਘ ਭੱਟੀ, ਰੇਸ਼ਮ ਸਿੰਘ ਬਿਧੀਪੁਰ, ਨਿਰੰਜਨ ਸਿੰਘ ਕਾਲੂ ਭਾਟੀਆ, ਕੁਲਦੀਪ ਸਿੰਘ ਸਾਗਰਾਂ, ਸਤਨਾਮ ਸਿੰਘ, ਸਰਬਜੀਤ ਸਿੰਘ ਸਰੂਪਵਾਲ, ਤੀਰਥ ਪਹਿਲਵਾਨ, ਵਿਰਸਾ ਸਿੰਘ ਮੰਡ, ਮਲਕੀਤ ਸਿੰਘ ਮਹੱਬਲੀਪੁਰ, ਭਜਨ ਸਿੰਘ ਭਾਗੋਰਾਈਆਂ, ਗੁਰਪ੍ਰੀਤ ਸਿੰਘ ਮੰਗੂਪੁਰ, ਮੁਖਤਿਆਰ ਸਿੰਘ ਬਾਊਪੁਰ, ਸੁਖਦੇਵ ਸਿੰਘ ਸੁਚੇਤਗੜ੍ਹ, ਅਮਰਜੀਤ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ ਬੂਸੋਵਾਲ, ਸੁਖਜਿੰਦਰ ਸਿੰਘ ਕਬੀਰਪੁਰ, ਵਿਜੇ ਕੁਮਾਰ, ਸੰਤੋਖ ਕੁਮਾਰ, ਹੀਰਾ ਸਿੰਘ ਸ਼ੇਖਮਾਗਾ, ਨਿਰਮਲ ਸਿੰਘ ਸ਼ੇਖਮਾਗਾ, ਸਤਨਾਮ ਸਿੰਘ ਬੂਸੋਵਾਲ, ਸੰਤੋਖ ਸਿੰਘ ਕਬੀਰਪੁਰ, ਜੋਗਿੰਦਰ ਸਿੰਘ ਬੂਸੋਵਾਲ, ਗੁਰਪ੍ਰੀਤ ਸਿੰਘ ਚੱਕ ਪੱਤੀ ਬਾਲੂ ਬਹਾਦਰ ਤੇ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ।