ਸਰਕਾਰ ਜੀ! ਫਗਵਾੜਾ ਦੇ ਪਿੰਡਾਂ ਦੀਆਂਸੜਕਾਂ ਦੀ ਮੁਰੰਮਤ ਵੱਲ ਵੀ ਧਿਆਨ ਦਿਓ ਸਰਕਾਰ ਜੀ! ਫਗਵਾੜਾ ਦੇ ਪਿੰਡਾਂ ਦੀਆਂ ਟੁੱਟੀਆਂ-ਭੱਜੀਆਂ ਸੜਕਾਂ ਦੀ ਮੁਰੰਮਤ ਵੱਲ ਵੀ ਧਿਆਨ ਦਿਓ
Publish Date: Sat, 26 Sep 2026 09:39 PM (IST)
Updated Date: Sat, 26 Sep 2026 09:42 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਕਈ ਪ੍ਰਮੁੱਖ ਸੜਕਾਂ ਦੀ ਹਾਲਤ ਲੰਮੇ ਸਮੇਂ ਤੋਂ ਖਸਤਾ ਬਣੀ ਹੋਈ ਹੈ। ਸੜਕਾਂ ’ਤੇ ਥਾਂ-ਥਾਂ ਪਏ ਟੋਏ ਤੇ ਟੁੱਟੀ ਸੜਕ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗਪਾਲ ਪੁਰ ਪਿੰਡ ਤੋਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ, ਮਹੇੜੂ ਤੋਂ ਮਨੋਹਰ ਸੰਧੂ, ਸੰਦੀਪ ਸੰਧੂ, ਰਾਮ ਸੰਧੂ ਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਇਲਾਕਾ ਵਾਸੀਆਂ ਅਨੁਸਾਰ ਮਹੇੜੂ ਤੋਂ ਚਹੇੜੂ, ਸੀਕਰੀ ਤੋਂ ਰਾਵਲਪਿੰਡੀ ਅਤੇ ਹਰਦਾਸਪੁਰ ਤੋਂ ਚਹੇੜੂ ਨੂੰ ਜਾਣ ਵਾਲੀਆਂ ਸੜਕਾਂ ਦੇ ਕਈ ਹਿੱਸਿਆਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਕਈ ਥਾਵਾਂ ’ਤੇ ਸੜਕ ਦੀ ਉਪਰਲੀ ਪਰਤ ਉਖੜ ਚੁੱਕੀ ਹੈ ਤੇ ਵੱਡੇ-ਵੱਡੇ ਟੋਏ ਬਣੇ ਹੋਏ ਹਨ। ਮੀਂਹ ਪੈਣ ਤੋਂ ਬਾਅਦ ਇਨ੍ਹਾਂ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਲਈ ਸੜਕ ਦੀ ਅਸਲ ਹਾਲਤ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੜਕਾਂ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮਕਾਜ, ਸਕੂਲਾਂ, ਕਾਲਜਾਂ ਤੇ ਹੋਰ ਜ਼ਰੂਰੀ ਕੰਮਾਂ ਲਈ ਆਉਂਦੇ-ਜਾਂਦੇ ਹਨ। ਖਸਤਾ ਸੜਕਾਂ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਸਮੇਂ ਟੁੱਟੀਆਂ ਸੜਕਾਂ ਤੇ ਟੋਇਆਂ ਕਾਰਨ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਸਮੇਤ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਸਿਰਫ਼ ਕਾਗਜ਼ਾਂ ਵਿੱਚ ਸੜਕਾਂ ਦੀ ਮੁਰੰਮਤ ਦੇ ਦਾਅਵੇ ਕਰਨ ਦੀ ਬਜਾਏ ਮੌਕੇ ’ਤੇ ਜਾ ਕੇ ਸੜਕਾਂ ਦੀ ਹਾਲਤ ਦਾ ਜਾਇਜ਼ਾ ਲਿਆ ਜਾਵੇ ਤੇ ਜਿੱਥੇ ਲੋੜ ਹੈ, ਉੱਥੇ ਤੁਰੰਤ ਪੈਚਵਰਕ ਤੇ ਮੁੜ ਨਿਰਮਾਣ ਦਾ ਕੰਮ ਕਰਵਾਇਆ ਜਾਵੇ। ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ, ਇਸ ਲਈ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਇਨ੍ਹਾਂ ਮਹੱਤਵਪੂਰਨ ਸੜਕਾਂ ਦੀ ਮੁਰੰਮਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ ਤੇ ਆਵਾਜਾਈ ਸੁਰੱਖਿਅਤ ਢੰਗ ਨਾਲ ਚੱਲ ਸਕੇ।