16 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ ਗੌਰਮਿੰਟ ਏਡਿਡ ਸਕੂਲਾਂ ਦੇ ਕਰਮਚਾਰੀ 16 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ ਗੌਰਮੈਂਟ ਏਡਿਡ ਸਕੂਲਾਂ ਦੇ ਕਰਮਚਾਰੀ
Publish Date: Sun, 02 Aug 2026 07:09 PM (IST)
Updated Date: Sun, 02 Aug 2026 07:10 PM (IST)
ਸਰਕਾਰ ਗ੍ਰਾਂਟਾਂ ਤੇ ਤਨਖਾਹਾਂ ਤੁਰੰਤ ਜਾਰੀ ਕਰੇ : ਪਿੰਦਰਜੀਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੇ ਗੌਰਮਿੰਟ ਏਡਿਡ ਸਕੂਲਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਪਿਛਲੇ 16 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚ ਫਸ ਗਏ ਹਨ। ਬਲਾਕ ਸੁਲਤਾਨਪੁਰ ਲੋਧੀ ਦੇ ਸਮੂਹ ਕਰਮਚਾਰੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਹੁਣ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਘਰ ਦਾ ਗੁਜ਼ਾਰਾ ਚਲਾਉਣਾ, ਬੱਚਿਆਂ ਦੀ ਪੜ੍ਹਾਈ, ਬੈਂਕਾਂ ਦੀਆਂ ਕਿਸ਼ਤਾਂ, ਬਿਜਲੀ ਦੇ ਬਿੱਲ ਤੇ ਰੋਜ਼ਾਨਾ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਹ ਜਾਣਕਾਰੀ ਪ੍ਰਿੰਸੀਪਲ ਪਿੰਦਰਜੀਤ ਸਿੰਘ ਤੇ ਸੰਜੀਵ ਸ਼ਰਮਾ ਨੇ ਦਿੰਦਿਆਂ ਕਿਹਾ ਕਿ ਗੌਰਮਿੰਟ ਏਡਿਡ ਸਕੂਲਾਂ ਦੇ ਕਰਮਚਾਰੀ ਪਿਛਲੇ 16 ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ਼ ਨੇ ਹਰ ਹਾਲਤ ਵਿੱਚ ਆਪਣੀ ਡਿਊਟੀ ਨਿਭਾਈ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀਆਂ ਰੁਕੀਆਂ ਗਰਾਂਟਾਂ ਤੇ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਈ ਕਰਮਚਾਰੀ ਕਰਜ਼ਾ ਲੈ ਕੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ, ਜਦਕਿ ਕੁਝ ਲਈ ਰੋਜ਼ਾਨਾ ਦਾ ਖਰਚਾ ਚਲਾਉਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਡਿਊਟੀਆਂ, ਚੋਣਾਂ ਜਾਂ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ ਤਾਂ ਏਡਿਡ ਸਕੂਲਾਂ ਦੇ ਕਰਮਚਾਰੀ ਸਰਕਾਰੀ ਕਰਮਚਾਰੀ ਮੰਨੇ ਜਾਂਦੇ ਹਨ, ਪਰ ਜਦੋਂ ਤਨਖਾਹਾਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ । ਪ੍ਰਿੰਸੀਪਲ ਪਿੰਦਰਜੀਤ ਸਿੰਘ ਤੇ ਸੰਜੀਵ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 16 ਮਹੀਨਿਆਂ ਤੋਂ ਰੁਕੀਆਂ ਗਰਾਂਟਾਂ ਤੇ ਤਨਖਾਹਾਂ ਬਿਨਾਂ ਕਿਸੇ ਹੋਰ ਦੇਰੀ ਦੇ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਸੈਂਕੜੇ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹਰਿੰਦਰ ਯਾਦਵ, ਹਰਜਿੰਦਰ ਸਿੰਘ, ਸਰਬੰਸ ਸਿੰਘ, ਸਰਵਣ ਸਿੰਘ, ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।