ਗੋਮਤੀ ਨਦੀ ਨੂੰ ਸੀਚੇਵਾਲ ਮਾਡਲ ਨਾਲ ਸਾਫ ਕੀਤਾ ਜਾ ਸਕਦਾ ਹੈ: ਸੰਤ ਸੀਚੇਵਾਲ

ਬੁੱਢੇ ਦਰਿਆ ਤੇ ਗੋਮਤੀ ਨਦੀ ਵਿਚ ਕਈ ਸਮਾਨਤਾਵਾਂ
ਨਦੀਆਂ ਕਦੇ ਗੰਦੀਆਂ ਨਹੀਂ ਹੁੰਦੀਆਂ, ਲੋਕ ਕਰਦੇ ਹਨ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਉੱਤਰ ਪ੍ਰਦੇਸ਼ ਸਰਕਾਰ ਵੱਲੋਂ 960 ਕਿਲੋਮੀਟਰ ਲੰਮੀ ਗੋਮਤੀ ਨਦੀ ਨੂੰ ਦੁਬਾਰਾ ਸੁਰਜੀਤ ਕਰਨ ਲਈ ਇਕ ਕੌਮਾਂਤਰੀ ਪੱਧਰ ਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਸ਼ਵ ਬੈਂਕ ਦੇ ਪ੍ਰਤੀਨਿਧੀ ਵੀ ਮੌਜੂਦ ਸਨ। ਉਦਘਾਟਨੀ ਭਾਸ਼ਣ ਦਿੰਦੇ ਹੋਏ ਰਾਜ ਸਭਾ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੋਮਤੀ ਨਦੀ ਦੇ ਪ੍ਰਦੂਸ਼ਣ ਨੂੰ ਸੀਚੇਵਾਲ ਮਾਡਲ ਲਾਗੂ ਕਰਕੇ ਸਾਫ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਨੇਪਾਲ ਸਰਹੱਦ ਨੇੜੇ ਵਹਿ ਰਹੀ ਸੁਆਵ ਨਦੀ ਨੂੰ ਸਾਫ ਕਰਨ ਲਈ ਸੀਚੇਵਾਲ ਮਾਡਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਤੇ ਗੋਮਤੀ ਨਦੀ ਵਿਚ ਕਈ ਸਮਾਨਤਾਵਾਂ ਹਨ। ਦੋਹਾਂ ਨਦੀਆਂ ਵਿਚ ਨਗਰ ਨਿਗਮ, ਡੇਅਰੀਆਂ ਤੇ ਫੈਕਟਰੀਆਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਦਾ ਪ੍ਰਭਾਵ ਹੈ। ਬੁੱਢੇ ਦਰਿਆ ਕਿਨਾਰੇ ਬਣੇ ਗਊਘਾਟਾਂ ਵਾਂਗ ਗੋਮਤੀ ਨਦੀ ਦੇ ਕਿਨਾਰੇ ਵੀ ਗਊਘਾਟ ਹਨ। ਉਨ੍ਹਾਂ ਨੇ ਦੱਸਿਆ ਕਿ ਦੋ ਸਾਲਾਂ ਤੋਂ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਇਸ ਵਿਚ ਵੱਡੀਆਂ ਸਫ਼ਲਤਾਵਾਂ ਮਿਲੀਆਂ ਹਨ। ਸੰਤ ਸੀਚੇਵਾਲ ਨੇ ਦਾਅਵਾ ਕੀਤਾ ਕਿ ਬੁੱਢਾ ਦਰਿਆ 70% ਤੋਂ ਵੱਧ ਸਾਫ ਹੋ ਚੁੱਕਾ ਹੈ। ਪਹਿਲਾਂ ਇਸ ਦੇ ਪਾਣੀ ਦਾ ਟੀਡੀਐzਸ 3500 ਤੋਂ ਵੱਧ ਹੁੰਦਾ ਸੀ, ਜੋ ਹੁਣ ਸਾਢੇ 500 ਤੋਂ ਵੀ ਘੱਟ ਹੈ। ਵਾਟਰਮੈਨ ਰਜਿੰਦਰ ਸਿੰਘ ਨੇ ਸੰਤ ਸੀਚੇਵਾਲ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਇਸ ਕਰਕੇ ਸਾਫ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਅੰਦਰ ਪਵਿੱਤਰ ਕਾਲੀ ਵੇਈਂ ਵਗਦੀ ਹੈ। ਉਨ੍ਹਾਂ ਦੱਸਿਆ ਕਿ ਜਦ ਤੱਕ ਲੋਕ ਨਦੀਆਂ ਨੂੰ ਆਤਮਸਾਤ ਨਹੀਂ ਕਰਦੇ, ਉਦੋਂ ਤੱਕ ਨਦੀਆਂ ਸਾਫ ਨਹੀਂ ਹੋ ਸਕਦੀਆਂ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ਸੰਤ ਸੀਚੇਵਾਲ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਗੋਮਤੀ ਦੇ ਇਤਿਹਾਸ ਨੂੰ ਪਵਿੱਤਰ ਕਾਲੀ ਵੇਈਂ ਤੇ ਬੁੱਢੇ ਦਰਿਆ ਨਾਲ ਜੋੜਿਆ ਤੇ ਕਿਹਾ ਕਿ ਨਦੀਆਂ ਕਦੇ ਗੰਦੀਆਂ ਨਹੀਂ ਹੁੰਦੀਆਂ, ਲੋਕ ਅਣਜਾਣੇ ਵਿਚ ਉਨ੍ਹਾਂ ਨੂੰ ਗੰਦੀਆਂ ਕਰਦੇ ਹਨ। ਉਨ੍ਹਾਂ ਨੇ ਛੋਟੀਆਂ ਨਦੀਆਂ ਨੂੰ ਬਚਾਉਣ 'ਤੇ ਖਾਸ ਜ਼ੋਰ ਦਿੱਤਾ। ਵਿਸ਼ਵ ਬੈਂਕ, ਸਿੰਗਾਪੁਰ ਦੇ ਪ੍ਰਤੀਨਿਧੀ ਡੇਵਿਡ ਮਲਕੋਲਮ ਲਾਰਡ ਨੇ ਦੂਜੇ ਸੈਸ਼ਨ ਵਿਚ ਪਾਣੀ ਤੇ ਸਫਾਈ ਬਾਰੇ ਤੇ ਭਾਰਤੀ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਬਾਰੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ। ਇਸ ਪਹਿਲੇ ਸੈਸ਼ਨ ਵਿਚ ਪਰਿਆਵਰਣ ਕਮਿਸ਼ਨ ਦੇ ਸੀਈਓ ਮਨੋਜ ਕੁਮਾਰ, ਲੈਫ਼ਟੀਨੈਂਟ ਜਨਰਲ ਨਵੀਨ ਸਚਦੇਵਾ ਤੇ ਲਖਨਊ ਸ਼ਹਿਰ ਦੀ ਮੇਅਰ ਸ਼ੁਸ਼ਮਲਾ ਖਰਕਵਾਲ ਨੇ ਵੀ ਸੰਬੋਧਨ ਕੀਤਾ।