- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੀਆ ਸਕਿੱਲਜ਼ ਮੁਕਾਬਲੇ ਵਿੱਚ ਜੀਐਨਏ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜੀਐੱਨਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਕਿੱਲ ਇੰਡੀਆ ਮਿਸ਼ਨ ਤਹਿਤ ਕਰਵਾਏ ਗਏ ਇੰਡੀਆ ਸਕਿੱਲਜ਼ ਮੁਕਾਬਲਾ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਨਾ, ਚਾਂਦੀ ਤੇ ਕੌਮੀ ਪੱਧਰ ’ਤੇ ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਤਕਨੀਕੀ ਕਾਬਲੀਅਤ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਆਫ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਵਿਦਿਆਰਥੀਆਂ ਪ੍ਰਦਰਸ਼ਨ ਸ਼ਲਾਗਾਯੋਗ ਰਿਹਾ। ਇਸ ਮੁਕਾਬਲੇ ਵਿੱਚ 9 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਚੁਣੇ ਗਏ ਪ੍ਰਤੀਯੋਗੀਆਂ ਨੇ 63 ਵੱਖ-ਵੱਖ ਹੁਨਰ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਰੋਬੋਟ ਸਿਸਟਮਜ਼ ਇੰਟੀਗ੍ਰੇਸ਼ਨ ਸ਼੍ਰੇਣੀ ਵਿੱਚ ਰੋਬੋਟਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀਟੈੱਕ ਵਿਦਿਆਰਥੀ ਗੋਰਾਂਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਸ਼ਾਨਦਾਰ ਤਕਨੀਕੀ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ। ਦੋਵੇਂ ਵਿਦਿਆਰਥੀਆਂ ਨੂੰ ₹75,000-₹75,000 ਦੀ ਨਕਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ।
ਇਸੇ ਤਰ੍ਹਾਂ ਸੀਐੱਨਸੀ ਮਿਲਿੰਗ ਸ਼੍ਰੇਣੀ ਵਿੱਚ ਮਕੈਨੀਕਲ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀਟੈੱਕ ਵਿਦਿਆਰਥੀ ਵਿਸ਼ੇਸ਼ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਲ ਕੀਤਾ ਤੇ ਉਨ੍ਹਾਂ ਨੂੰ ₹50,000 ਦੀ ਨਕਦ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ।
ਜ਼ੋਨਲ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਗੋਰਾਂਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਇੰਡੀਆ ਸਕਿੱਲਜ਼ ਮੁਕਾਬਲਾ 2025-26 ਦੇ ਗ੍ਰੈਂਡ ਫਿਨਾਲੇ ਲਈ ਕੁਆਲੀਫਾਈ ਕੀਤਾ। ਕੌਮੀ ਪੱਧਰ ’ਤੇ ਕਰਵਾਏ ਗਏ ਗ੍ਰੈਂਡ ਫਿਨਾਲੇ ਵਿੱਚ ਉਨ੍ਹਾਂ ਨੇ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਦੇਸ਼ ਦੇ ਸਰਵੋਤਮ ਪ੍ਰਤੀਯੋਗੀਆਂ ਨਾਲ ਮੁਕਾਬਲਾ ਕੀਤਾ।
ਰੋਬੋਟ ਸਿਸਟਮਜ਼ ਇੰਟੀਗ੍ਰੇਸ਼ਨ ਸ਼੍ਰੇਣੀ ਵਿੱਚ ਤਕਨੀਕੀ ਕਾਬਲੀਅਤ, ਨਵੀਨਤਾ ਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਵਿਦਿਆਰਥੀਆਂ ਨੇ ਕੌਮੀ ਪੱਧਰ ’ਤੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ ਦੋਵੇਂ ਵਿਦਿਆਰਥੀਆਂ ਨੂੰ ₹50,000-₹50,000 ਦੀ ਨਕਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਹ ਉਪਲਬਧੀ ਹੁਨਰ ਵਿਕਾਸ ਤੇ ਤਕਨੀਕੀ ਉੱਤਮਤਾ ਦੇ ਖੇਤਰ ਵਿੱਚ ਜੀਐੱਨਏ ਯੂਨੀਵਰਸਿਟੀ ਲਈ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।
ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਜੀਐੱਨਏ ਯੂਨੀਵਰਸਿਟੀ ਦੇ ਚਾਂਸਲਰ ਐੱਸ ਗੁਰਦੀਪ ਸਿੰਘ ਸਿਹਰਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ੋਨਲ ਤੇ ਕੌਮੀ ਦੋਵੇਂ ਪੱਧਰਾਂ ’ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਯੂਨੀਵਰਸਿਟੀ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਰਵੋਤਮ ਪ੍ਰਤੀਯੋਗੀਆਂ ਵਿਚਕਾਰ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜੀਐੱਨਏ ਯੂਨੀਵਰਸਿਟੀ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ, ਪ੍ਰੈਕਟੀਕਲ ਟ੍ਰੇਨਿੰਗ ਤੇ ਉਦਯੋਗਿਕ ਐਕਸਪੋਜ਼ਰ ਨੂੰ ਦਰਸਾਉਂਦਾ ਹੈ।
ਸਕੂਲ ਆਫ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਡੀਨ ਤੇ ਯੂਨੀਵਰਸਿਟੀ ਐੱਸਪੀਓਸੀ ਫਾਰ ਇੰਡੀਆ ਸਕਿੱਲਜ਼ ਡਾ. ਸੀਆਰ ਤ੍ਰਿਪਾਠੀ ਨੇ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ, ਤਕਨੀਕੀ ਕਾਬਲੀਅਤ ਤੇ ਨਵੀਨਤਾਕਾਰੀ ਸੋਚ ਦਾ ਨਤੀਜਾ ਹੈ। ਡੀਨ ਅਕੈਡਮਿਕਸ ਡਾ. ਮੋਨਿਕਾ ਹੰਸਪਾਲ ਨੇ ਵਿਦਿਆਰਥੀਆਂ ਤੇ ਫੈਕਲਟੀ ਮੈਂਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀਆਂ ਯੂਨੀਵਰਸਿਟੀ ਦੇ ਮਜ਼ਬੂਤ ਅਕਾਦਮਿਕ ਵਾਤਾਵਰਣ ਤੇ ਅਨੁਭਵ-ਆਧਾਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਕਿਹਾ ਕਿ ਇਹ ਉਪਲਬਧੀ ਨਵੀਨਤਾ ਤੇ ਤਕਨੀਕੀ ਉੱਤਮਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਜੀਐੱਨਏ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।