ਜੀਐੱਨਏ ਯੂਨੀਵਰਸਿਟੀ ’ਚ ਪੰਜਾਬ ਦੀ ਪਹਿਲੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦਾ ਉਦਘਾਟਨ ਜੀਐਨਏ ਯੂਨੀਵਰਸਿਟੀ ਵੱਲੋਂ ਐਫਏਐਨਯੂਸੀ ਸੈਂਟਰ ਆਫ਼ ਐਕਸੀਲੈਂਸ ਅਧੀਨ ਪੰਜਾਬ ਦੀ ਪਹਿਲੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦਾ ਉਦਘਾਟਨ,
Publish Date: Fri, 07 Aug 2026 08:01 PM (IST)
Updated Date: Fri, 07 Aug 2026 08:02 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਇੰਡਸਟਰੀ 4.0 ਸਿੱਖਿਆ ਤੇ ਐਡਵਾਂਸਡ ਮੈਨੂਫੈਕਚਰਿੰਗ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਜੀਐੱਨਏ ਯੂਨੀਵਰਸਿਟੀ ਨੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਵਿੱਚ ਐੱਫਏਐੱਨਯੂਸੀ ਸੈਂਟਰ ਆਫ਼ ਐਕਸੀਲੈਂਸ (ਸੀੳਈ) ਅਧੀਨ ਪੰਜਾਬ ਦੀ ਪਹਿਲੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦਾ ਉਦਘਾਟਨ ਕੀਤਾ। ਇਸ ਅਤਿ-ਆਧੁਨਿਕ ਲੈਬ ਦਾ ਉਦਘਾਟਨ ਚਾਂਸਲਰ ਗੁਰਦੀਪ ਸਿੰਘ ਸਿਹਰਾ ਤੇ ਵਿਨੈ ਕੁਮਾਰ ਐੱਮਕੇ, ਵਾਈਸ ਪ੍ਰੈਜ਼ੀਡੈਂਟ ਐੱਚਆਰ, ਬੀਡੀ ਆਈਆਈਆਰ ਐੱਫਏਐੱਨਯੂਸੀ ਇੰਡੀਆ ਲਿਮਟਿਡ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ-ਚਾਂਸਲਰ ਜਸਲੀਨ ਸਿਹਰਾ, ਵਾਈਸ-ਚਾਂਸਲਰ ਡਾ. ਹੇਮੰਤ ਸ਼ਰਮਾ, ਡੀਨ ਅਕਾਦਮਿਕਸ ਡਾ. ਮੋਨਿਕਾ ਹੰਸਪਾਲ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ, ਡਾ. ਸੀਆਰ ਤ੍ਰਿਪਾਠੀ, ਰਜਿਸਟਰਾਰ ਡਾ. ਕੁਣਾਲ ਬੈਂਸ, ਅੰਕਿਤ ਤ੍ਰਿਪਾਠੀ, ਅਸਿਸਟੈਂਟ ਮੈਨੇਜਰ ਬੀਡੀ ਐੱਫਏਐੱਨਯੂਸੀ ਇੰਡੀਆ ਪ੍ਰਾਈਵੇਟ ਲਿਮਟਿਡ,ਵਿਕਰਮਜੀਤ ਸਿੰਘ, ਅਸਿਸਟੈਂਟ ਮੈਨੇਜਰ ਸੇਲਜ਼, ਐੱਫਏਐੱਨਯੂਸੀ ਇੰਡੀਆ, ਪ੍ਰਤੀਕ ਵਾਧਾਵਨ, ਸੀਈਓ, ਸਿਸਟੈੱਕ ਰੋਬੋਟਿਕਸ ਤੇ ਸੁਮਿਤ ਸੈਣੀ, ਡਾਇਰੈਕਟਰ, ਸਿਸਟੈਕ ਰੋਬੋਟਿਕਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਨਵੀਂ ਸਥਾਪਿਤ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਵਿਦਿਆਰਥੀਆਂ ਨੂੰ ਇੰਡਸਟਰੀਅਲ ਰੋਬੋਟਿਕਸ, ਰੋਬੋਟ ਪ੍ਰੋਗਰਾਮਿੰਗ, ਪੀਐੱਲਸੀ ਇੰਟੀਗ੍ਰੇਸ਼ਨ, ਮਸ਼ੀਨ ਵਿਜ਼ਨ, ਆਰਟੀਫ਼ੀਸ਼ਲ ਇੰਟੈਲੀਜੈਂਸ (ਏ ਆਈ), ਸਮਾਰਟ ਮੈਨੂਫੈਕਚਰਿੰਗ ਤੇ ਇੰਡਸਟਰੀ 4.0 ਤਕਨਾਲੋਜੀਆਂ ਵਿੱਚ ਹੱਥੋਂ-ਹੱਥ ਪ੍ਰਯੋਗਾਤਮਕ ਸਿਖਲਾਈ ਪ੍ਰਦਾਨ ਕਰੇਗੀ। ਐੱਫਏਐੱਨਯੂਸੀ, ਜੋ ਫੈਕਟਰੀ ਆਟੋਮੇਸ਼ਨ ਦੇ ਖੇਤਰ ਵਿੱਚ ਵਿਸ਼ਵ ਦੀ ਮੋਹਰੀ ਕੰਪਨੀ ਹੈ, 100 ਤੋਂ ਵੱਧ ਦੇਸ਼ਾਂ ਤੇ 270 ਤੋਂ ਵੱਧ ਸਰਵਿਸ ਸੈਂਟਰਾਂ ਰਾਹੀਂ ਆਪਣੀਆਂ ਆਧੁਨਿਕ ਰੋਬੋਟਿਕਸ ਤੇ ਸੀਐਨਸੀ ਤਕਨਾਲੋਜੀਆਂ ਨਾਲ ਵਿਸ਼ਵ ਭਰ ਦੇ ਉਦਯੋਗਾਂ ਨੂੰ ਮਜ਼ਬੂਤ ਕਰ ਰਹੀ ਹੈ। ਐੱਫਏਐੱਨਯੂਸੀ ਸੈਂਟਰ ਆਫ਼ ਐਕਸੀਲੈਂਸ ਰਾਹੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀਆਂ ਉਦਯੋਗਿਕ ਤਕਨਾਲੋਜੀਆਂ ਦਾ ਵਿਹਾਰਕ ਅਨੁਭਵ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਖੋਜ ਸਮਰੱਥਾ, ਰੁਜ਼ਗਾਰ ਯੋਗਤਾ ਤੇ ਭਵਿੱਖ ਦੀਆਂ ਉੱਚ ਪੱਧਰੀ ਨਿਰਮਾਣ ਤਕਨਾਲੋਜੀਆਂ ਲਈ ਤਿਆਰੀ ਹੋਰ ਮਜ਼ਬੂਤ ਹੋਵੇਗੀ। ਉਦਘਾਟਨ ਸਮਾਰੋਹ ਤੋਂ ਬਾਅਦ ਜੀਐੱਨਏ ਯੂਨੀਵਰਸਿਟੀ ਤੇ ਐੱਫਏਐੱਨਯੂਸੀ ਇੰਡੀਆ ਪ੍ਰਾਈਵੇਟ ਲਿਮਟਿਡ ਦਰਮਿਆਨ ਇੱਕ ਐੱਮਓਯੂ ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਦਾ ਉਦੇਸ਼ ਰੋਬੋਟਿਕਸ, ਇੰਡਸਟਰੀਅਲ ਆਟੋਮੇਸ਼ਨ, ਸਕਿਲ ਡਿਵੈਲਪਮੈਂਟ, ਫੈਕਲਟੀ ਟ੍ਰੇਨਿੰਗ, ਇੰਡਸਟਰੀ ਸਰਟੀਫਿਕੇਸ਼ਨ, ਇੰਟਰਨਸ਼ਿਪ, ਸਾਂਝੇ ਖੋਜ ਪ੍ਰੋਜੈਕਟਾਂ ਤੇ ਤਕਨਾਲੋਜੀ-ਆਧਾਰਿਤ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਵਿਨੈ ਕੁਮਾਰ ਐੱਮਕੇ ਨਾਲ ਰੋਬੋਟਿਕਸ ਤੇ ਸਮਾਰਟ ਮੈਨੂਫੈਕਚਰਿੰਗ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਉਦਯੋਗਿਕ ਲੋੜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਆਧੁਨਿਕ ਉਦਯੋਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉੱਚ-ਕੁਸ਼ਲ ਮਨੁੱਖੀ ਸੰਸਾਧਨ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਪੰਜਾਬ ਦੀ ਪਹਿਲੀ ਐੱਫਏਐੱਨਯੂਸੀ ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਦੀ ਸਥਾਪਨਾ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ। ਪ੍ਰੋ-ਚਾਂਸਲਰ ਸੁਸ਼ਰੀ ਜਸਲੀਨ ਸਿਹਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਈਵਾਲੀ ਵਿਦਿਆਰਥੀਆਂ ਨੂੰ ਅਸਲ ਉਦਯੋਗਿਕ ਅਨੁਭਵ ਪ੍ਰਦਾਨ ਕਰਨ ਤੇ ਉਨ੍ਹਾਂ ਨੂੰ ਤਕਨਾਲੋਜੀ-ਅਧਾਰਿਤ ਕਰੀਅਰ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਐੱਫਏਐੱਨਯੂਸੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ ਵਿਨੈ ਕੁਮਾਰ ਐੱਮਕੇ ਨੇ ਜੀਐੱਨਏ ਯੂਨੀਵਰਸਿਟੀ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਤੇ ਆਧੁਨਿਕ ਤਕਨੀਕੀ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਜੀਐੱਨਏ ਯੂਨੀਵਰਸਿਟੀ ਨੇ ਰੋਬੋਟਿਕਸ ਤੇ ਆਟੋਮੇਸ਼ਨ ਸਿੱਖਿਆ ਲਈ ਇੱਕ ਸ਼ਾਨਦਾਰ ਈਕੋਸਿਸਟਮ ਤਿਆਰ ਕੀਤਾ ਹੈ, ਜੋ ਭਾਰਤ ਸਰਕਾਰ ਦੇ ਸਕਿਲ ਡਿਵੈੱਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਮੰਤਰਾਲੇ ਵੱਲੋਂ ਉਤਸ਼ਾਹਿਤ ਇੰਡੀਆਂ ਸਕਿਲ ਤੇ ਵਰਲਡ ਸਕਿਲ ਮੁਕਾਬਲਿਆਂ ਦੇ ਉਦੇਸ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।’ ਸਮਾਗਮ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਸੀਆਰ ਤ੍ਰਿਪਾਠੀ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੇ ਕਿਹਾ,‘ਰੋਬੋਟਿਕ ਸਿਸਟਮ ਇੰਟੀਗ੍ਰੇਸ਼ਨ ਲੈਬ ਸਿਰਫ਼ ਇੱਕ ਨਵੀਂ ਲੈਬ ਨਹੀਂ, ਸਗੋਂ ਨਵੀਨਤਾ, ਹੁਨਰ ਵਿਕਾਸ ਤੇ ਐਪਲਾਈਡ ਰਿਸਰਚ ਦਾ ਕੇਂਦਰ ਹੈ, ਜਿਸ ਨੂੰ ਕੈਡ, ਕੈਮ ਤੇ ਸੀਐੱਨਸੀ ਸਿਮੂਲੇਟਰ ਵਰਗੀਆਂ ਆਧੁਨਿਕ ਲੈਬਾਂ ਨਾਲ ਜੋੜਿਆ ਗਿਆ ਹੈ।’ ਵਾਈਸ-ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੂੰ ਪੰਜਾਬ ਦੀ ਪਹਿਲੀ ਐੱਫਏਐੱਨਯੂਸੀ ਰੋਬੋਟਿਕਸ ਸਿਸਟਮ ਇੰਟੀਗ੍ਰੇਸ਼ਨ ਲੈਬ ਦੀ ਸਥਾਪਨਾ ਲਈ ਵਧਾਈ ਦਿੱਤੀ ਤੇ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਲਗਾਤਾਰ ਯਤਨਾਂ ਦੀ ਸਰਾਹਨਾ ਕੀਤੀ। ਡੀਨ ਅਕਾਦਮਿਕਸ ਡਾ. ਮੋਨਿਕਾ ਹੰਸਪਾਲ ਨੇ ਕਿਹਾ ਕਿ ਐੱਫਏਐੱਨਯੂਸੀ ਇੰਡੀਆ ਨਾਲ ਇਹ ਸਹਿਯੋਗ ਅਨੁਭਵਾਤਮਕ, ਉਦਯੋਗ-ਇਕਜੁੱਟ ਤੇ ਨਤੀਜਾ-ਅਧਾਰਿਤ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸਮਾਗਮ ਦਾ ਸਮਾਪਨ ‘ਰੋਬੋਟਸ ਤੋਂ ਸਮਾਰਟ ਫੈਕਟਰੀਆਂ ਤੱਕ : ਏਆਈ ਨਾਲ ਨਿਰਮਾਣ ਦੇ ਭਵਿੱਖ ਦੀ ਸਿਰਜਣਾ’ ਵਿਸ਼ੇ ਤੇ ਇੱਕ ਘੰਟੇ ਦੇ ਵਿਸ਼ੇਸ਼ ਸੈਮੀਨਾਰ ਨਾਲ ਹੋਇਆ, ਜਿਸ ਨੂੰ ਵਿਨੈ ਕੁਮਾਰ ਐੱਮਕੇ ਤੇ ਅੰਕਿਤ ਤ੍ਰਿਪਾਠੀ ਨੇ ਸੰਬੋਧਨ ਕੀਤਾ।