ਜੀਐੱਨਏ ਯੂਨੀਵਰਸਿਟੀ ਅਧਿਆਪਕਾਂ ਦਾ ਕੀਤਾ ਸਨਮਾਨ ਜੀਐਨਏ ਯੂਨੀਵਰਸਿਟੀ ਵੱਲੋਂ “ਆਭਾਰ 2026” – ਅਕਾਦਮਿਕ ਉੱਤਮਤਾ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਕੇ ਅਧਿਆਪਕਾਂ ਦਾ ਸਨਮਾਨ
Publish Date: Tue, 22 Sep 2026 08:05 PM (IST)
Updated Date: Tue, 22 Sep 2026 08:06 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਚਾਂਸਲਰ ਗੁਰਦੀਪ ਸਿੰਘ ਸਿਹਰਾ ਦੀ ਯੋਗ ਅਗਵਾਈ ਹੇਠ ਜੀਐੱਨਏ ਯੂਨੀਵਰਸਿਟੀ ਵੱਲੋਂ ਆਪਣੇ ਪ੍ਰਸਿੱਧ ਅਕਾਦਮਿਕ ਉੱਤਮਤਾ ਪੁਰਸਕਾਰ ਸਮਾਰੋਹ–“ਆਭਾਰ 2026” ਦਾ ਸਫਲਤਾਪੂਰਵਕ ਆਯੋਜਨ ਜੀਐੱਨਏ ਯੂਨੀਵਰਸਿਟੀ ਕੈਂਪਸ ਵਿਖੇ ਕੀਤਾ ਗਿਆ। ਇਹ ਸਮਾਗਮ ਅਧਿਆਪਕ ਭਾਈਚਾਰੇ ਪ੍ਰਤੀ ਵਿਸ਼ੇਸ਼ ਸਨਮਾਨ ਤੇ ਧੰਨਵਾਦ ਪ੍ਰਗਟ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ, ਜਿਸ ਵਿੱਚ ਅਕਾਦਮਿਕ ਉੱਤਮਤਾ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਦੇ ਅਮੁੱਲੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਹਰਜਿੰਦਰ ਕੌਰ (ਪੀਈਐੱਸ), ਜ਼ਿਲ੍ਹਾ ਸਿੱਖਿਆ ਅਫ਼ਸਰ, ਹੁਸ਼ਿਆਰਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਖੇਤਰ ਦੇ 100 ਤੋਂ ਵੱਧ ਸਕੂਲਾਂ ਦੇ 300 ਤੋਂ ਵੱਧ ਅਧਿਆਪਕਾਂ ਤੇ ਸਿੱਖਿਆਵਿਦਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਸਮਰਪਿਤ ਸੇਵਾ ਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਹੇਮੰਤ ਸ਼ਰਮਾ, ਵਾਈਸ ਚਾਂਸਲਰ, ਜੀਐੱਨਏ ਯੂਨੀਵਰਸਿਟੀ ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਅਕਤੀਤਵ ਨਿਰਮਾਣ, ਨੌਜਵਾਨ ਪ੍ਰਤਿਭਾਵਾਂ ਨੂੰ ਸਹੀ ਦਿਸ਼ਾ ਦੇਣ ਤੇ ਰਾਸ਼ਟਰ ਨਿਰਮਾਣ ਵਿੱਚ ਅਧਿਆਪਕ ਭਾਈਚਾਰੇ ਦੇ ਨਿਰੰਤਰ ਤੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲਾਂ ਤੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਮਜ਼ਬੂਤ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਹੁਸ਼ਿਆਰਪੁਰ ਨੇ ਵਿਦਿਆਰਥੀਆਂ ਦੀ ਅਕਾਦਮਿਕ ਯਾਤਰਾ ਦੇ ਨਾਲ-ਨਾਲ ਉਨ੍ਹਾਂ ਦੇ ਵਿਅਕਤੀਤਵ, ਕਦਰਾਂ-ਕੀਮਤਾਂ ਤੇ ਸੁਪਨਿਆਂ ਨੂੰ ਆਕਾਰ ਦੇਣ ਵਿੱਚ ਅਧਿਆਪਕਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਚਰਿੱਤਰ ਤੇ ਸਰਵਪੱਖੀ ਵਿਅਕਤੀਤਵ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਸਫਲਤਾ ਵੱਲ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ “ਆਭਾਰ 2026” ਰਾਹੀਂ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਤੇ ਸਨਮਾਨਿਤ ਕਰਨ ਲਈ ਜੀਐੱਨਏ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ “ਹੈਪੀਨੈਸ ਅਨਲੋਕ” ਵਿਸ਼ੇ ’ਤੇ ਇੱਕ ਵਿਸ਼ੇਸ਼ ਸੈਸ਼ਨ ਨਿਸ਼ਚਲ ਮਹਾਜਨ ਵੱਲੋਂ ਕਰਵਾਇਆ ਗਿਆ। ਉਨ੍ਹਾਂ ਨੇ ਖੁਸ਼ੀ, ਸਕਾਰਾਤਮਕਤਾ ਤੇ ਨਿੱਜੀ ਤੇ ਪੇਸ਼ੇਵਰ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਨਾਲ ਸਬੰਧਤ ਮਹੱਤਵਪੂਰਨ ਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਸਮੀਰ ਵਰਮਾ, ਡੀਨ, ਜੀਐੱਨਏ ਬਿਜ਼ਨੈੱਸ ਸਕੂਲ ਨੇ ਕਿਹਾ,“ਆਭਾਰ ਉਨ੍ਹਾਂ ਅਧਿਆਪਕਾਂ ਪ੍ਰਤੀ ਦਿਲੋਂ ਪ੍ਰਗਟ ਕੀਤਾ ਗਿਆ ਧੰਨਵਾਦ ਹੈ, ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ।” ਸਮਾਰੋਹ ਵਿੱਚ ਡਾ. ਮੋਨਿਕਾ ਹੰਸਪਾਲ, ਡੀਨ ਅਕਾਦਮਿਕਸ, ਡਾ. ਵਿਕ੍ਰਾਂਤ ਸ਼ਰਮਾ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ, ਡਾ. ਸੀਆਰ ਤ੍ਰਿਪਾਠੀ, ਡੀਨ, ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਤੇ ਕੁਨਾਲ ਬੈਂਸ, ਰਜਿਸਟਰਾਰ, ਜੀਐੱਨਏ ਯੂਨੀਵਰਸਿਟੀ ਵੀ ਮੌਜੂਦ ਰਹੇ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ।