ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਚੱਲ ਕੇ ਹੀ ਆ ਸਕਦੀ ਹੈ ਵਿਸ਼ਵ ’ਚ ਗਲੋਬਲ ਸਥਿਰਤਾ : ਸੰਤ ਸੀਚੇਵਾਲ ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਚੱਲ ਕੇ ਹੀ ਆ ਸਕਦੀ ਹੈ ਵਿਸ਼ਵ ਵਿੱਚ ਗਲੋਬਲ ਸਥਿਰਤਾ : ਸੰਤ ਸੀਚੇਵਾਲ
Publish Date: Sat, 21 Nov 2026 07:50 PM (IST)
Updated Date: Sat, 21 Nov 2026 07:52 PM (IST)
ਤੀਜੇ ਹਰੇ ਨਗਰ ਕੀਰਤਨ ’ਚ ਗੂੰਜਿਆ ਵਿਸ਼ਵ ਸ਼ਾਂਤੀ ਦਾ ਸੁਨੇਹਾ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਪਾਣੀ ਬਚਾਉਣ ਦੀ ਅਪੀਲ, ,5100 ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਹਰਾ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਆਰੰਭ ਹੋ ਕੇ ਦੇਰ ਰਾਤ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ। ਨਗਰ ਕੀਰਤਨ ਦੌਰਾਨ ਜਿੱਥੇ ਸੰਗਤਾਂ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਹੋਇਆ, ਉੱਥੇ ਹੀ ਵਿਸ਼ਵ ਸ਼ਾਂਤੀ, ਸਰਬੱਤ ਦੇ ਭਲੇ ਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਵੀ ਗੂੰਜਦਾ ਰਿਹਾ। ਇਸ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ 5,100 ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਦੁਨੀਆਂ ਜਿਸ ਅਸ਼ਾਂਤੀ ਤੇ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਹੀ ਹੈ, ਉਸ ਦਾ ਹੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿੱਚੋਂ ਹੀ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਸਰਬੱਤ ਦੇ ਭਲੇ ਦਾ ਸਿਧਾਂਤ ਅੱਜ ਵੀ ਵਿਸ਼ਵ ਸ਼ਾਂਤੀ ਤੇ ਗਲੋਬਲ ਸਥਿਰਤਾ ਲਈ ਸਭ ਤੋਂ ਵੱਧ ਸਾਰਥਕ ਹੈ। ਸੰਤ ਸੀਚੇਵਾਲ ਨੇ ਅਮਰੀਕਾ, ਚੀਨ ਤੇ ਰੂਸ ਦੇ ਆਗੂਆਂ ਦਰਮਿਆਨ ਹੋਈ ‘ਡੈਲਟਾ 2.0’ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਤਾਕਤਾਂ ਵੀ ਅੱਜ ਵਿਸ਼ਵ ਸਥਿਰਤਾ ਤੇ ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਵਰਗੇ ਮੁੱਦਿਆਂ ’ਤੇ ਵਿਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਦੇ ਆਗੂ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਅਪਣਾ ਲੈਣ ਤਾਂ ਵਿਸ਼ਵ ਸ਼ਾਂਤੀ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਹੀ ਸਮੁੱਚੀ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੱਤਾ ਸੀ। ਗੁਰੂ ਸਾਹਿਬ ਦਾ ਫਲਸਫਾ ਕਿਸੇ ਇੱਕ ਧਰਮ, ਇੱਕ ਦੇਸ਼ ਜਾਂ ਇੱਕ ਵਰਗ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨੂੰ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਨਾਲ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਇਸ ਦੁਨੀਆਂ ਦੇ ਸਰਬ ਸਾਂਝੇ ਪੈਗੰਬਰ ਸਨ, ਜਿਨ੍ਹਾਂ ਨੇ ਮੱਧ ਏਸ਼ੀਆ, ਚੀਨ ਵੱਖ-ਵੱਖ ਦੇਸ਼ਾਂ ਦੀ ਯਾਤਰਾ ਉਦਾਸੀਆਂ ਦੌਰਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਅੱਜ ਵੀ ਸਮੁੱਚੀ ਦੁਨੀਆਂ ਲਈ ਰਾਹ-ਦਸੇਰਾ ਹੈ। ਨਗਰ ਕੀਰਤਨ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਅੰਮ੍ਰਿਤ ਵੇਲੇ ਪਿੰਡ ਸੀਚੇਵਾਲ ਤੋਂ ਚੱਲ ਕੇ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੌਨੀ, ਝੱਲ ਲੇਈਵਾਲ, ਰਣਧੀਰਪੁਰ ਤੋਂ ਤਲਵੰਡੀ ਪੁਲ ਤੋਂ ਹੁੰਦਾ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸਪੰਨ ਹੋਇਆ। ਇਸ ਦੌਰਾਨ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਚਾਹ-ਪਾਣੀ ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ। ਭਾਈ ਤਜਿੰਦਰ ਸਿੰਘ ਦੇ ਜਥੇ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆ ਨੇ ਰਸਭਿੰਨਾ ਕੀਰਤਨ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਜੇ ਹਵਾ-ਪਾਣੀ ਨਾ ਰਹੇ ਤਾਂ ਦੌਲਤ ਵੀ ਕਿਸੇ ਕੰਮ ਨਹੀਂ ਆਉਣੀ ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਬੜੀ ਭਾਵੁਕ ਅਪੀਲ ਕਰਦਿਆ ਕਿਹਾ ਕਿ ਜੇ ਸਾਡੇ ਪਾਣੀ ਗੰਧਲੇ ਹੋ ਗਏ, ਹਵਾ ਸਾਹ ਲੈਣ ਯੋਗ ਨਾ ਰਹੀ ਤੇ ਧਰਤੀ ਵਿੱਚ ਪੈਦਾ ਹੋਣ ਵਾਲੀ ਖੁਰਾਕ ਖਾਣ ਯੋਗ ਨਾ ਰਹੀ ਤਾਂ ਸਾਡੇ ਬੈਂਕ ਖਾਤਿਆਂ ਵਿੱਚ ਜਮ੍ਹਾ ਪੂੰਜੀ ਕਿਸੇ ਕੰਮ ਨਹੀ ਆਉਣੀ। ਉਨ੍ਹਾਂ ਕਿਹਾ ਕਿ ਮਨੁੱਖੀ ਰੁਝਾਨ ’ਤੇ ਟਿੱਪਣੀ ਕਰਦਿਆ ਉਨ੍ਹਾਂ ਕਿਹਾ ਕਿ ਅੱਜ ਅਸੀਂ ਧਨ-ਦੌਲਤ ਇਕੱਠੀ ਕਰਨ ਦੀ ਦੌੜ ਵਿੱਚ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਭੁੱਲਦੇ ਜਾ ਰਹੇ ਹਾਂ। ਜੇਕਰ ਅਸੀਂ ਆਪਣੀ ਹਵਾ ਤੇ ਪਾਣੀ ਨੂੰ ਹੀ ਪ੍ਰਦੂਸ਼ਿਤ ਕਰ ਲਿਆ ਤਾਂ ਬੈਂਕਾਂ ਵਿੱਚ ਜਮ੍ਹਾਂ ਕੀਤੀ ਦੌਲਤ ਵੀ ਸਾਡੇ ਕਿਸੇ ਕੰਮ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜੀਵਨ ਦੀ ਅਸਲ ਖੁਸ਼ਹਾਲੀ ਕੁਦਰਤੀ ਸਰੋਤਾਂ ਦੀ ਸੰਭਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਛੱਡਣ ਵਿੱਚ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਵੀ ਸਾਨੂੰ ਹਵਾ, ਪਾਣੀ ਤੇ ਧਰਤੀ ਮਾਂ ਦੀ ਸੰਭਾਲ ਦਾ ਸੁਨੇਹਾ ਦਿੰਦਾ ਹੈ। ਸੰਤ ਸੀਚੇਵਾਲ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਹਰ ਬੂੰਦ ਦੀ ਕਦਰ ਕਰਨ ਤੇ ਇਸ ਦੀ ਸੰਭਾਲ ਨੂੰ ਆਪਣੀ ਪਹਿਲ ਬਣਾਉਣ।