- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀ.ਡੀ.ਆਰ. ਸਕੂਲ ਦੇ ਵਿਿਦਆਰਥੀਆਂ ਨੇ ਬਾਲ ਦਿਵਸ ਮੌਕੇ ਮੋਰਨੀ ਹਿਲਜ਼ ਦਾ ਕੀਤਾ ਸਿੱਖਿਆਦਾਇਕ ਅਤੇ ਮਨੋਰੰਜਕ ਦੌਰਾ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵੱਲੋਂ ਬਾਲ ਦਿਵਸ ਨੂੰ ਯਾਦਗਾਰ ਬਣਾਉਣ ਲਈ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੋਰਨੀ ਹਿਲਜ਼ ਵਿਖੇ ਇੱਕ ਸਿੱਖਿਆਦਾਇਕ ਤੇ ਮਨੋਰੰਜਕ ਦੌਰੇ ਦਾ ਆਯੋਜਨ ਕੀਤਾ ਗਿਆ। ਇਹ ਦੌਰਾ ਵਿਦਿਆਰਥੀਆਂ ਲਈ ਗਿਆਨ, ਮਨੋਰੰਜਨ ਤੇ ਕੁਦਰਤ ਨਾਲ ਜੁੜਨ ਦਾ ਇੱਕ ਵਿਲੱਖਣ ਅਨੁਭਵ ਸਾਬਤ ਹੋਇਆ। ਜ਼ਿਕਰਯੋਗ ਹੈ ਕਿ 14 ਨਵੰਬਰ ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬੱਚਿਆਂ ਪ੍ਰਤੀ ਉਨ੍ਹਾਂ ਦੇ ਵਿਸ਼ੇਸ਼ ਪਿਆਰ ਤੇ ਸਨੇਹ ਨੂੰ ਸਮਰਪਿਤ ਇਸ ਦਿਨ ਨੂੰ ਸਕੂਲ ਵੱਲੋਂ ਵਿਦਿਆਰਥੀਆਂ ਲਈ ਯਾਦਗਾਰ ਬਣਾਉਣ ਦਾ ਉਪਰਾਲਾ ਕੀਤਾ ਗਿਆ। ਇਸ ਦੌਰੇ ਦੌਰਾਨ ਜ਼ੀਰਕਪੁਰ ਤੋਂ ਹੁੰਦੇ ਹੋਏ ਵਿਦਿਆਰਥੀ ਟਿੱਕਰ ਤਾਲ ਪਹੁੰਚੇ। ਇਸ ਉਪਰੰਤ ਉਨ੍ਹਾਂ ਨੇ ਮੋਰਨੀ ਹਿਲਜ਼ ਦੇ ਇਤਿਹਾਸਕ ਕਿਲ੍ਹੇ ਦਾ ਦੌਰਾ ਕੀਤਾ, ਜਿਸ ਨੂੰ ਅਜਾਇਬ ਘਰ ਵਜੋਂ ਸੰਭਾਲਿਆ ਗਿਆ ਹੈ। ਇੱਥੇ ਵੱਖ-ਵੱਖ ਜੰਗਲੀ ਜੀਵਾਂ ਦੇ ਬੁੱਤਾਂ ਰਾਹੀਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੇ ਮੂਰਤੀ ਕਲਾ ਤੇ ਕਲਾਤਮਕ ਸੋਚ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਮੋਰਨੀ ਹਿਲਜ਼ ਦੀਆਂ ਸੁੰਦਰ ਝੀਲਾਂ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤ ਦੇ ਮਨਮੋਹਕ ਨਜ਼ਾਰਿਆਂ ਦਾ ਆਨੰਦ ਮਾਣਿਆ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਆਉਣ-ਜਾਣ ਲਈ ਆਰਾਮਦਾਇਕ ਬੱਸਾਂ, ਨਾਸ਼ਤੇ, ਦੁਪਹਿਰ ਦੇ ਖਾਣੇ ਤੇ ਸ਼ਾਮ ਦੇ ਸਮੇਂ ਮੈਕਡੋਨਲਡਜ਼ ਦੇ ਮੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਨੇ ਕਿਹਾ ਕਿ ਅਜਿਹੇ ਸਿੱਖਿਆਦਾਇਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।