ਜੀਡੀਆਰ ਦੇ ਵਿਦਿਆਰਥੀਆਂ ਨੇ ਕੀਤਾ ਡਾਕਘਰ ਦਾ ਦੌਰਾ ਜੀ.ਡੀ.ਆਰ. ਸਕੂਲ ਦੇ ਵਿਿਦਆਰਥੀਆਂ ਨੇ ਵਿਸ਼ਵ ਡਾਕ ਦਿਵਸ ਮੌਕੇ ਕੀਤਾ ਡਾਕਘਰ ਦਾ ਦੌਰਾ
Publish Date: Fri, 09 Oct 2026 06:46 PM (IST)
Updated Date: Fri, 09 Oct 2026 06:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ਵ ਡਾਕ ਦਿਵਸ ਦੇ ਮੌਕੇ ’ਤੇ ਡਾਕ ਵਿਭਾਗ ਦੀ ਕਾਰਜਪ੍ਰਣਾਲੀ ਤੇ ਡਾਕ ਸੇਵਾਵਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਡਾਕਘਰ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਡਾਕ ਵਿਭਾਗ ਦੀ ਭੂਮਿਕਾ, ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਤੇ ਆਧੁਨਿਕ ਯੁੱਗ ਵਿੱਚ ਡਾਕ ਸੇਵਾਵਾਂ ਦੀ ਉਪਯੋਗਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾਕ ਵਿਭਾਗ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਡਾਕ ਵਿਭਾਗ ਦੇਸ਼ ਦੇ ਸੰਚਾਰ ਤੰਤਰ ਦਾ ਇੱਕ ਅਹਿਮ ਹਿੱਸਾ ਹੈ। ਇਹ ਵਿਭਾਗ ਚਿੱਠੀਆਂ ਤੇ ਪਾਰਸਲਾਂ ਦੀ ਵੰਡ ਦੇ ਨਾਲ-ਨਾਲ ਬੱਚਤ ਯੋਜਨਾਵਾਂ, ਬੈਂਕਿੰਗ ਸੇਵਾਵਾਂ, ਬੀਮਾ ਯੋਜਨਾਵਾਂ ਤੇ ਹੋਰ ਨਾਗਰਿਕ ਸੇਵਾਵਾਂ ਰਾਹੀਂ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਵੀ ਡਾਕ ਸੇਵਾਵਾਂ ਦੀ ਮਹੱਤਤਾ ਬਰਕਰਾਰ ਹੈ। ਸਮੇਂ ਦੇ ਨਾਲ ਡਾਕ ਵਿਭਾਗ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਆਪਣੀਆਂ ਸੇਵਾਵਾਂ ਨੂੰ ਹੋਰ ਸਰਲ, ਸੁਰੱਖਿਅਤ ਤੇ ਸੁਵਿਧਾਜਨਕ ਬਣਾ ਰਿਹਾ ਹੈ। ਖ਼ਾਸ ਤੌਰ ’ਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਤੱਕ ਲੋੜੀਂਦੀਆਂ ਡਾਕ, ਵਿੱਤੀ ਤੇ ਬੈਂਕਿੰਗ ਸੇਵਾਵਾਂ ਪਹੁੰਚਾਉਣ ਵਿੱਚ ਵਿਭਾਗ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਸ਼ਵ ਡਾਕ ਦਿਵਸ ਸਾਨੂੰ ਡਾਕ ਸੇਵਾਵਾਂ ਦੀ ਮਹੱਤਤਾ ਦਾ ਅਹਿਸਾਸ ਕਰਵਾਉਂਦਾ ਹੈ। ਡਾਕ ਸੇਵਾਵਾਂ ਸਿਰਫ਼ ਸੁਨੇਹੇ ਪਹੁੰਚਾਉਣ ਦਾ ਸਾਧਨ ਹੀ ਨਹੀਂ, ਸਗੋਂ ਲੋਕਾਂ ਨੂੰ ਆਪਸ ਵਿੱਚ ਜੋੜਨ, ਵਿਸ਼ਵਾਸ ਕਾਇਮ ਕਰਨ ਤੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦਾ ਇੱਕ ਮਜ਼ਬੂਤ ਮਾਧਿਅਮ ਵੀ ਹਨ।