ਉਤਸ਼ਾਹ ਨਾਲ ਮਨਾਇਆ ਜੀਡੀਆਰ ਦਿਵਸ ਜੀ.ਡੀ.ਆਰ ਸਕੂਲ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜੀ.ਡੀ.ਆਰ ਦਿਵਸ
Publish Date: Tue, 15 Sep 2026 06:43 PM (IST)
Updated Date: Tue, 15 Sep 2026 06:44 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਅੱਜ ਜੀਡੀਆਰ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਕੇਜੀ ਵਿੰਗ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਵੱਲੋਂ ਜੋਤ ਜਗਾ ਕੇ ਕੀਤੀ ਗਈ। ਯੂਕੇਜੀ ਦੀ ਵਿਦਿਆਰਥਣ ਰਵਨੀਤ ਕੌਰ ਨੇ ਦਿਨ ਦਾ ਵਿਚਾਰ ਪੇਸ਼ ਕੀਤਾ, ਜਦਕਿ ਗੁਰਲੀਨ ਕੌਰ ਨੇ ਸਕੂਲ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਇਸ ਉਪਰੰਤ ਜੀ.ਡੀ.ਆਰ. ਸੰਸਥਾ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਨੂੰ ਦਰਸਾਉਂਦੀ ਇੱਕ ਪੀਪੀਟੀ ਬੱਚਿਆਂ ਨੂੰ ਦਿਖਾਈ ਗਈ। ਇਸ ਮੌਕੇ ਮੈਡਮ ਗੁਰਜਿੰਦਰ ਕੌਰ ਨੇ ਦੱਸਿਆ ਕਿ ਜੀਡੀਆਰ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਨੰਦਾਚੌਰ ਧਾਮ ਦੇ ਪੂਜਨਯੋਗ ਗੁਰੂ ਜੀ ਸ੍ਰੀ ਗੁਰਦਾਸ ਰਾਮ ਜੀ ਦਾ ਜਨਮ ਹੋਇਆ ਸੀ। ਸਕੂਲ ਦਾ ਨਾਮ ਵੀ ਉਨ੍ਹਾਂ ਦੇ ਪਵਿੱਤਰ ਨਾਮ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਆਸ਼ੀਰਵਾਦ ਸਦਕਾ ਇਹ ਸਕੂਲ ਲਗਾਤਾਰ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ। ਸਮਾਗਮ ਦੌਰਾਨ ਸਕੂਲ ਨੂੰ ਸਮਰਪਿਤ ਇੱਕ ਨਾਟ-ਕਲਾ ਵੀ ਪੇਸ਼ ਕੀਤੀ ਗਈ, ਜਿਸ ਨੂੰ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮਾਧਵੀ ਜੀ ਨੇ ਕਿਹਾ ਕਿ ਬਾਪੂ ਗੁਰਦਾਸ ਰਾਮ ਜੀ ਦੇ ਆਸ਼ੀਰਵਾਦ ਨਾਲ ਅੱਜ ਜੀਡੀਆਰ ਸੰਸਥਾ ਪੂਰੇ ਖੇਤਰ ਵਿੱਚ ਸਿੱਖਿਆ ਦਾ ਇੱਕ ਚਮਕਦਾ ਕੇਂਦਰ ਬਣ ਚੁੱਕੀ ਹੈ। ਇਹ ਸੰਸਥਾ ਬੱਚਿਆਂ ਨੂੰ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਉਚਾਈਆਂ ਵੱਲ ਲੈ ਕੇ ਜਾ ਰਹੀ ਹੈ, ਸਗੋਂ ਉਨ੍ਹਾਂ ਦੇ ਬਹੁਮੁੱਖੀ ਵਿਕਾਸ, ਚਰਿੱਤਰ ਨਿਰਮਾਣ ਤੇ ਸਮਾਜਿਕ ਮੁੱਲਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਵੱਲੋਂ ਗੁਰੂ ਜੀ ਦੇ ਆਸ਼ੀਰਵਾਦ ਲਈ ਅਰਦਾਸ ਕੀਤੀ ਗਈ ਤੇ ਸਕੂਲ ਦੀ ਤਰੱਕੀ ਲਈ ਸੰਕਲਪ ਲਿਆ ਗਿਆ।