
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਵਿਖੇ ‘ਜੀਡੀਆਰਯਨ ਇੰਟੀਗ੍ਰੇਟਿਡ ਲਰਨਿੰਗ ਐਗਜ਼ੀਬਿਸ਼ਨ’ ਦਾ ਆਯੋਜਨ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਅੱਜ ਮਾਪੇ-ਅਧਿਆਪਕ ਮਿਲਣੀ ਦੇ ਮੌਕੇ ’ਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਕਲਪਨਾ ਸ਼ਕਤੀ, ਰਚਨਾਤਮਕਤਾ ਤੇ ਵਿਹਾਰਕ ਗਿਆਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਜੀਡੀਆਰਯਨ ਇੰਟੀਗ੍ਰੇਟਿਡ ਲਰਨਿੰਗ ਐਗਜ਼ੀਬਿਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਧਾਰਨਾਵਾਂ ਨੂੰ ਮਾਡਲਾਂ, ਪ੍ਰਯੋਗਾਂ ਤੇ ਗਤੀਵਿਧੀਆਂ ਰਾਹੀਂ ਸਮਝਣ ਦੇ ਨਾਲ-ਨਾਲ ਆਪਣੀ ਪ੍ਰਤਿਭਾ ਤੇ ਰਚਨਾਤਮਕ ਵਿਚਾਰਾਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਵੱਲੋਂ ਗਣਿਤ, ਸਮਾਜਿਕ ਵਿਗਿਆਨ ਤੇ ਵਿਗਿਆਨ ਵਿਸ਼ਿਆਂ ਨਾਲ ਸਬੰਧਤ ਵੱਖ-ਵੱਖ ਆਕਰਸ਼ਕ ਤੇ ਗਿਆਨਵਰਧਕ ਮਾਡਲ ਪੇਸ਼ ਕੀਤੇ ਗਏ।
ਵਿਦਿਆਰਥੀਆਂ ਨੇ ਆਪਣੇ ਮਾਡਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਕਾਰਜ-ਪ੍ਰਣਾਲੀ, ਉਪਯੋਗਤਾ ਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਸਮਝਾਇਆ। ਇਸ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸੰਚਾਰ ਕੌਸ਼ਲ, ਤਰਕਸ਼ੀਲ ਸੋਚ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਤੇ ਪੇਸ਼ਕਾਰੀ ਕੌਸ਼ਲ ਦਾ ਵਿਕਾਸ ਦੇਖਣ ਨੂੰ ਮਿਲਿਆ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਤੇ ਪ੍ਰਿੰਸੀਪਲ ਸ਼ਿਵਾਨੀ ਨੇ ਇਸ ਸਫਲ ਆਯੋਜਨ ਲਈ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ, ਟੀਮ ਭਾਵਨਾ ਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਾਪੇ-ਅਧਿਆਪਕ ਮਿਲਣੀ ਦੇ ਨਾਲ ਇਸ ਪ੍ਰਦਰਸ਼ਨੀ ਦਾ ਆਯੋਜਨ ਸਕੂਲ ਤੇ ਮਾਪਿਆਂ ਦਰਮਿਆਨ ਵਿਦਿਅਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਸਾਬਤ ਹੋਇਆ।