ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਚੁਕਵਾਏ ਜਾਣ : ਕਾਂਗਰਸ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਚੁਕਵਾਏ ਜਾਣ: ਨਰਾਇਣ ਵਿਸ਼ਿਸ਼ਟ, ਬਲਜੀਤ ਸਿੰਘ ਕਾਲਾ
Publish Date: Tue, 18 Aug 2026 09:10 PM (IST)
Updated Date: Tue, 18 Aug 2026 09:12 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ਦੀ ਵਧਦੀ ਸਮੱਸਿਆ ਕਾਰਨ ਨਾਗਰਿਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਨਰਾਇਣ ਵਿਸ਼ਿਸ਼ਟ (ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ), ਬਲਜੀਤ ਸਿੰਘ ਕਾਲਾ (ਸੀਨੀਅਰ ਵਾਈਸ ਪ੍ਰਧਾਨ, ਬਲਾਕ ਕਾਂਗਰਸ ਕਪੂਰਥਲਾ), ਐਡਵੋਕੇਟ ਜਤਿੰਦਰ ਕੁਮਾਰ ਕਪੂਰ ਤੇ ਅਮਰਦੀਪ ਸਿੰਘ ਤੇਜੀ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਨਗਰ ਨਿਗਮ ਕਪੂਰਥਲਾ ਦੀ ਮੇਅਰ ਚੋਣ ਸਬੰਧੀ ਮਾਮਲੇ ’ਤੇ ਮਾਨਯੋਗ ਹਾਈਕੋਰਟ ਵੱਲੋਂ ਰੋਕ ਲਗਾਈ ਗਈ ਹੈ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨਗਰ ਨਿਗਮ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਜੋ ਇਸ ਸਮੇਂ ਨਗਰ ਨਿਗਮ ਦੇ ਪ੍ਰਬੰਧਕ ਵੀ ਹਨ, ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪਏ ਕੂੜੇ ਦੇ ਢੇਰਾਂ ਦੀ ਤੁਰੰਤ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਉਹ ਮਾਲ ਰੋਡ (ਠੰਡੀ ਸੜਕ) ਦੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਗਏ ਸਨ, ਪਰ ਉੱਥੇ ਵੱਡੀ ਮਾਤਰਾ ਵਿੱਚ ਕੂੜੇ ਦੇ ਢੇਰ ਪਾਏ ਗਏ, ਜਿਸ ਕਾਰਨ ਸੜਕ ਦੀ ਹਾਲਤ ਬਹੁਤ ਹੀ ਖਰਾਬ ਤੇ ਚਿੰਤਾਜਨਕ ਪਾਈ ਗਈ। ਇਸ ਤੋਂ ਇਲਾਵਾ ਮਨੀ ਮਹੇਸ਼ ਮੰਦਰ ਦੇ ਸਾਹਮਣੇ, ਠੰਡੀ ਸੜਕ ਤੋਂ ਐੱਸਐੱਸਪੀ ਰਿਹਾਇਸ਼, ਜੱਜ ਸਾਹਿਬਾਨਾਂ ਦੇ ਨਿਵਾਸ ਤੇ ਅਫਸਰ ਕਲੋਨੀ ਵੱਲ ਜਾਣ ਵਾਲੀ ਸੜਕ ’ਤੇ ਤੇ ਠੰਡੀ ਸੜਕ ਤੋਂ ਲਿੰਕ ਰੋਡ ਰਾਹੀਂ ਮਿਕ ਸ਼ੋਰੂਮ ਵੱਲ ਜਾਣ ਵਾਲੇ ਰਸਤੇ ’ਤੇ ਵੀ ਵੱਡੇ ਪੱਧਰ ’ਤੇ ਕੂੜਾ ਮਿਲਿਆ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਬਦਬੂ, ਗੰਦਗੀ ਤੇ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਨ੍ਹਾਂ ਡੰਪਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤੇ ਭਵਿੱਖ ਵਿੱਚ ਕੂੜਾ ਮੁੜ ਇਕੱਠਾ ਨਾ ਹੋਵੇ ਇਸ ਲਈ ਸਥਾਈ ਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ। ਇਸ ਮੌਕੇ ਵਿਕਾਸ ਸ਼ਰਮਾ ਵਿਕੀ, ਤਜਿੰਦਰ ਸਿੰਘ ਪ੍ਰੀਤਨਗਰ, ਸੁੱਖਵਿੰਦਰ ਸਿੰਘ ਬੱਤਰਾ ਆਦਿ ਹਾਜ਼ਰ ਸਨ।