ਸ਼ੂਗਰ ਮਿਲ ਦੇ ਸਾਹਮਣਿਓਂ ਕੂੜੇ ਦਾ ਡੰਪ ਹਟਾਇਆ ਜੀ.ਟੀ. ਰੋਡ ’ਤੇ ਸ਼ੂਗਰ ਮਿਲ ਦੇ ਸਾਹਮਣੇ ਕੂੜੇ ਦਾ ਡੰਪ ਹਟਾਇਆ
Publish Date: Sat, 19 Sep 2026 06:33 PM (IST)
Updated Date: Sat, 19 Sep 2026 06:35 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਊਂਸਪਲ ਕਾਰਪੋਰੇਸ਼ਨ ਫਗਵਾੜਾ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਬਣੇ ਕੂੜੇ ਦੇ ਡੰਪ ਹਟਾਉਣ ਦੀ ਮੁਹਿੰਮ ਜਾਰੀ ਹੈ। ਇਸੇ ਤਹਿਤ ਜੀਟੀ ਰੋਡ ’ਤੇ ਸ਼ੂਗਰ ਮਿਲ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਨੂੰ ਹਟਾ ਕੇ ਪੂਰੇ ਸਥਾਨ ਦੀ ਸਫ਼ਾਈ ਕਰਵਾਈ ਗਈ। ਇਸ ਸਫ਼ਾਈ ਮੁਹਿੰਮ ਵਿੱਚ ਹਿਊਮਨ ਰਾਈਟਸ ਕੌਂਸਲ ਇੰਡੀਆ ਦੀ ਟੀਮ ਦੇ ਸਹਿਯੋਗ ਨਾਲ ਵੀ ਪੂਰੇ ਸਥਾਨ ਨੂੰ ਨੀਟ ਐਂਡ ਕਲੀਨ ਬਣਾਉਣ ਲਈ ਯਤਨ ਕੀਤੇ ਗਏ। ਹਿਊਮਨ ਰਾਈਟਸ ਕੌਂਸਲ ਦੀ ਟੀਮ ਨੇ ਇਸ ਉਪਰਾਲੇ ਲਈ ਨਗਰ ਨਿਗਮ ਫਗਵਾੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਨੇ ਦੱਸਿਆ ਕਿ ਇਸ ਸਥਾਨ ਦੇ ਨੇੜੇ ਗਰਲਜ਼ ਕਾਲਜ ਵੀ ਸਥਿਤ ਹੈ, ਜਿਸ ਕਾਰਨ ਇੱਥੇ ਕੂੜੇ ਦਾ ਡੰਪ ਹੋਣ ਕਰਕੇ ਵਿਦਿਆਰਥਣਾਂ ਤੇ ਹੋਰ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਕੂੜੇ ਦਾ ਡੰਪ ਹਟਾਏ ਜਾਣ ਨਾਲ ਨਾ ਸਿਰਫ਼ ਲੋਕਾਂ ਲਈ ਇੱਥੋਂ ਲੰਘਣਾ ਆਸਾਨ ਹੋ ਗਿਆ ਹੈ, ਸਗੋਂ ਇਹ ਸਥਾਨ ਪਹਿਲਾਂ ਨਾਲੋਂ ਵਧੇਰੇ ਸਾਫ਼-ਸੁਥਰਾ ਤੇ ਸੁੰਦਰ ਵੀ ਦਿਖਾਈ ਦੇ ਰਿਹਾ ਹੈ। ਕੌਂਸਲ ਦੇ ਐਂਟੀ-ਕਰੱਪਸ਼ਨ ਸੈੱਲ ਦੇ ਸੂਬਾ ਪ੍ਰਧਾਨ ਰਮਨ ਨੇਹਰਾ ਨੇ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਇਸ ਸਥਾਨ ’ਤੇ ਕੂੜਾ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਦਾ ਕੂੜਾ ਖੁੱਲ੍ਹੀਆਂ ਥਾਵਾਂ ’ਤੇ ਸੁੱਟਣ ਦੀ ਬਜਾਏ ਨਗਰ ਨਿਗਮ ਦੇ ਗਾਰਬੇਜ ਕੁਲੈਕਟਰਾਂ ਨੂੰ ਹੀ ਦਿੱਤਾ ਜਾਵੇ, ਤਾਂ ਜੋ ਕੂੜੇ ਨੂੰ ਨਿਰਧਾਰਤ ਸਥਾਨ ’ਤੇ ਸਹੀ ਢੰਗ ਨਾਲ ਡਿਸਪੋਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਸ਼ਹਿਰ ਵਾਸੀ ਆਪਣਾ ਕੂੜਾ ਸਹੀ ਤਰੀਕੇ ਨਾਲ ਗਾਰਬੇਜ ਕੁਲੈਕਟਰਾਂ ਨੂੰ ਦੇਣ ਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਤਾਂ ਸਾਂਝੇ ਯਤਨਾਂ ਨਾਲ ਫਗਵਾੜਾ ਨੂੰ ਨੀਟ ਐਂਡ ਕਲੀਨ ਬਣਾਇਆ ਜਾ ਸਕਦਾ ਹੈ। ਇਸ ਮੌਕੇ ਨਗਰ ਨਿਗਮ ਤੋਂ ਸੈਨਟਰੀ ਇੰਸਪੈਕਟਰ ਮੈਡਮ ਸੁਨੀਤਾ ਤੇ ਮੈਡਮ ਆਸ਼ਾ ਰਾਣੀ, ਕੌਂਸਲ ਇੰਡੀਆ ਟੀਮ ਦੇ ਮੈਂਬਰ ਤੇ ਨਗਰ ਨਿਗਮ ਦੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।