- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣੇਸ਼ ਚਤੁਰਥੀ 2026: ਕਿਉਂ ਮਨਾਇਆ ਜਾਂਦਾ ਹੈ ਗਣਪਤੀ ਉਤਸਵ,

ਪੰਜਾਬੀ ਜਾਗਰਣ ਪ੍ਰਤਿਨਿੱਧ
ਫਗਵਾੜਾ : ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਣ ਵਾਲਾ ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਜੀ ਦੇ ਜਨਮ ਉਤਸਵ ਵਜੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਗਵਾਨ ਗਣੇਸ਼ ਜੀ ਨੂੰ ਪਹਿਲੇ ਪੂਜਣਯੋਗ, ਬੁੱਧੀ, ਵਿਵੇਕ, ਖੁਸ਼ਹਾਲੀ ਤੇ ਵਿਘਨਾਂ ਨੂੰ ਦੂਰ ਕਰਨ ਵਾਲੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਗਣੇਸ਼ ਜੀ ਦਾ ਸਿਮਰਨ ਕਰਨ ਨਾਲ ਕੰਮ ਬਿਨਾਂ ਕਿਸੇ ਵਿਘਨ ਦੇ ਪੂਰਾ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ।
ਇਸ ਸਾਲ ਗਣੇਸ਼ ਚਤੁਰਥੀ 14 ਸਤੰਬਰ 2026, ਸੋਮਵਾਰ ਨੂੰ ਮਨਾਈ ਜਾਵੇਗੀ। ਨਵੀਂ ਦਿੱਲੀ ਦੇ ਪੰਚਾਂਗ ਅਨੁਸਾਰ ਚਤੁਰਥੀ ਤਿਥੀ 14 ਸਤੰਬਰ ਨੂੰ ਸਵੇਰੇ 7 ਵੱਜ ਕੇ 6 ਮਿੰਟ ਤੋਂ ਸ਼ੁਰੂ ਹੋ ਕੇ 15 ਸਤੰਬਰ ਨੂੰ ਸਵੇਰੇ 7 ਵੱਜ ਕੇ 44 ਮਿੰਟ ਤੱਕ ਰਹੇਗੀ। ਗਣੇਸ਼ ਪੂਜਾ ਲਈ ਦੁਪਹਿਰ ਦਾ ਮੁਹੂਰਤ 14 ਸਤੰਬਰ ਨੂੰ ਸਵੇਰੇ 11 ਵੱਜ ਕੇ 2 ਮਿੰਟ ਤੋਂ ਦੁਪਹਿਰ 1 ਵੱਜ ਕੇ 31 ਮਿੰਟ ਤੱਕ ਰਹੇਗਾ। ਜੋਤਿਸ਼ ਅਚਾਰਿਆ ਡਾ. ਅਮਰਜੀਤ ਗੋਗਨਾ ਨੇ ਦਸਿਆ ਕਿ ਗਣੇਸ਼ ਚਤੁਰਥੀ ਕਿਉਂ ਮਨਾਈ ਜਾਂਦੀ ਹੈ।
ਉਨ੍ਹਾਂ ਅਨੁਸਾਰ ਧਾਰਮਿਕ ਪਰੰਪਰਾ ਵਿੱਚ ਗਣੇਸ਼ ਚਤੁਰਥੀ ਨੂੰ ਭਗਵਾਨ ਗਣੇਸ਼ ਜੀ ਦੇ ਪ੍ਰਗਟ ਦਿਵਸ ਵਜੋਂ ਮੰਨਿਆ ਜਾਂਦਾ ਹੈ। ਗਣੇਸ਼ ਜੀ ਨੂੰ ਬੁੱਧੀ, ਵਿਵੇਕ, ਧੀਰਜ ਤੇ ਸ਼ੁਭ ਸ਼ੁਰੂਆਤ ਦੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਇਸ ਦਿਨ ਘਰਾਂ ਤੇ ਜਨਤਕ ਸਥਾਨਾਂ ’ਤੇ ਗਣਪਤੀ ਦੀ ਮੂਰਤੀ ਸਥਾਪਿਤ ਕਰਕੇ ਪੂਜਾ, ਆਰਤੀ, ਮੰਤਰ ਜਾਪ ਤੇ ਪ੍ਰਸਾਦ ਚੜ੍ਹਾਇਆ ਜਾਂਦਾ ਹੈ। ਗਣੇਸ਼ ਉਤਸਵ ਦਾ ਮੌਜੂਦਾ ਜਨਤਕ ਰੂਪ ਖਾਸ ਤੌਰ ’ਤੇ ਮਹਾਰਾਸ਼ਟਰ ਵਿੱਚ 19ਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਵਿਕਸਿਤ ਹੋਇਆ। ਲੋਕਮਾਨਯ ਬਾਲ ਗੰਗਾਧਰ ਤਿਲਕ ਨੇ 1890 ਦੇ ਦਹਾਕੇ ਵਿੱਚ ਗਣੇਸ਼ ਉਤਸਵ ਨੂੰ ਜਨਤਕ ਤੇ ਭਾਈਚਾਰਕ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦਾ ਉਦੇਸ਼ ਲੋਕਾਂ ਨੂੰ ਇਕੱਠਾ ਕਰਨਾ ਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਵੀ ਸੀ।
ਪਰਿਵਾਰ ਕਿੰਨੇ ਦਿਨ ਗਣਪਤੀ ਰੱਖ ਸਕਦਾ ਹੈ
ਗਣਪਤੀ ਜੀ ਦੀ ਮੂਰਤੀ ਨੂੰ ਘਰ ਵਿੱਚ ਰੱਖਣ ਦੀ ਮਿਆਦ ਸਬੰਧੀ ਪੂਰੇ ਦੇਸ਼ ਵਿੱਚ ਕੋਈ ਇੱਕ ਲਾਜ਼ਮੀ ਨਿਯਮ ਨਹੀਂ ਹੈ। ਪਰਿਵਾਰ ਆਪਣੀ ਪਰੰਪਰਾ, ਸੰਕਲਪ ਤੇ ਸਥਾਨਕ ਰੀਤੀ-ਰਿਵਾਜ ਅਨੁਸਾਰ ਗਣੇਸ਼ ਜੀ ਨੂੰ ਡੇਢ ਦਿਨ, ਤਿੰਨ ਦਿਨ, ਪੰਜ ਦਿਨ, ਸੱਤ ਦਿਨ ਜਾਂ ਦਸ ਦਿਨ ਤੱਕ ਰੱਖ ਸਕਦੇ ਹਨ। ਦਸਵੇਂ ਦਿਨ ਅਨੰਤ ਚਤੁਰਦਸ਼ੀ ’ਤੇ ਗਣੇਸ਼ ਜੀ ਦੇ ਵਿਸਰਜਨ ਦੀ ਪਰੰਪਰਾ ਵਿਸ਼ੇਸ਼ ਤੌਰ ’ਤੇ ਪ੍ਰਚਲਿਤ ਹੈ। ਇਸ ਲਈ ਗਣਪਤੀ ਜੀ ਦੀ ਮੂਰਤੀ ਨੂੰ ਕਿੰਨੇ ਦਿਨ ਘਰ ਵਿੱਚ ਰੱਖਣਾ ਹੈ, ਇਸ ਦਾ ਫੈਸਲਾ ਆਪਣੀ ਪਰਿਵਾਰਕ ਪਰੰਪਰਾ ਤੇ ਪੂਜਾ ਕਰਨ ਦੀ ਸਮਰੱਥਾ ਅਨੁਸਾਰ ਕਰਨਾ ਬਿਹਤਰ ਮੰਨਿਆ ਜਾਂਦਾ ਹੈ।
ਗਣੇਸ਼ ਜੀ ਦੀ ਮੂਰਤੀ ਕਿੰਨੀ ਵੱਡੀ ਹੋਣੀ ਚਾਹੀਦੀ ਹੈ
ਘਰ ਲਈ ਗਣੇਸ਼ ਜੀ ਦੀ ਮੂਰਤੀ ਦਾ ਕੋਈ ਇੱਕ ਨਿਸ਼ਚਿਤ ਆਕਾਰ ਸਾਰੇ ਪਰਿਵਾਰਾਂ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਜੋਤਿਸ਼ ਤੇ ਵਾਸਤੂ ਦੀਆਂ ਪਰੰਪਰਾਵਾਂ ਅਨੁਸਾਰ ਘਰ ਵਿੱਚ ਉਪਲਬਧ ਥਾਂ ਦੇ ਅਨੁਪਾਤ ਅਨੁਸਾਰ ਛੋਟੀ ਜਾਂ ਦਰਮਿਆਨੇ ਆਕਾਰ ਦੀ ਮੂਰਤੀ ਰੱਖਣਾ ਵਿਹਾਰਕ ਮੰਨਿਆ ਜਾਂਦਾ ਹੈ। ਮੂਰਤੀ ਇੰਨੀ ਵੱਡੀ ਨਹੀਂ ਹੋਣੀ ਚਾਹੀਦੀ ਕਿ ਪੂਜਾ ਸਥਾਨ ਵਿੱਚ ਅਸੁਵਿਧਾ ਪੈਦਾ ਹੋਵੇ ਜਾਂ ਰੋਜ਼ਾਨਾ ਪੂਜਾ ਤੇ ਵਿਸਰਜਨ ਵਿੱਚ ਮੁਸ਼ਕਲ ਆਵੇ। ਮੂਰਤੀ ਦੀ ਚੋਣ ਕਰਦੇ ਸਮੇਂ ਆਕਾਰ ਨਾਲੋਂ ਸ਼ਰਧਾ, ਸਫ਼ਾਈ, ਸਹੀ ਸਥਾਪਨਾ ਤੇ ਨਿਯਮਿਤ ਪੂਜਾ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਵਾਤਾਵਰਣ ਦੀ ਸੰਭਾਲ ਲਈ ਕੁਦਰਤੀ ਮਿੱਟੀ ਦੀ ਮੂਰਤੀ ਨੂੰ ਤਰਜੀਹ ਦੇਣਾ ਵੀ ਉਚਿਤ ਮੰਨਿਆ ਜਾਂਦਾ ਹੈ।
ਗਣੇਸ਼ ਸਥਾਪਨਾ ਅਤੇ ਪੂਜਾ ਵਿਧੀ
ਗਣਪਤੀ ਸਥਾਪਨਾ ਤੋਂ ਪਹਿਲਾਂ ਪੂਜਾ ਸਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਚੌਕੀ ’ਤੇ ਸਾਫ਼ ਕੱਪੜਾ ਵਿਛਾ ਕੇ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਕਲਪ, ਆਵਾਹਨ ਤੇ ਪ੍ਰਾਣ ਪ੍ਰਤਿਸ਼ਠਾ ਦੀ ਪਰੰਪਰਾ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਜੀ ਨੂੰ ਦੂਰਵਾ, ਲਾਲ ਜਾਂ ਪੀਲੇ ਫੁੱਲ, ਅਕਸ਼ਤ, ਸਿੰਦੂਰ, ਫਲ ਤੇ ਮੋਦਕ ਜਾਂ ਲੱਡੂ ਚੜ੍ਹਾਏ ਜਾਂਦੇ ਹਨ। ਇਸ ਤੋਂ ਬਾਅਦ ਗਣੇਸ਼ ਮੰਤਰ ਦਾ ਜਾਪ, ਆਰਤੀ ਤੇ ਪ੍ਰਸਾਦ ਵੰਡਿਆ ਜਾਂਦਾ ਹੈ।
ਕੀ ਕਰੀਏ ਤੇ ਕੀ ਨਾ ਕਰੀਏ
ਗਣੇਸ਼ ਚਤੁਰਥੀ ’ਤੇ ਘਰ ਤੇ ਪੂਜਾ ਸਥਾਨ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਸਾਤਵਿਕ ਭੋਜਨ ਕਰੋ, ਗਣੇਸ਼ ਮੰਤਰ ਦਾ ਜਾਪ ਕਰੋ ਤੇ ਪਰਿਵਾਰ ਦੇ ਸਾਰੇ ਮੈਂਬਰ ਸ਼ਰਧਾ ਨਾਲ ਪੂਜਾ ਵਿੱਚ ਸ਼ਾਮਲ ਹੋਣ। ਗਣੇਸ਼ ਜੀ ਨੂੰ ਦੂਰਵਾ ਤੇ ਮੋਦਕ ਚੜ੍ਹਾਉਣਾ ਪਰੰਪਰਾਗਤ ਤੌਰ ’ਤੇ ਸ਼ੁਭ ਮੰਨਿਆ ਜਾਂਦਾ ਹੈ। ਗਣੇਸ਼ ਚਤੁਰਥੀ ਦੇ ਦਿਨ ਚੰਦਰਮਾ ਦੇ ਦਰਸ਼ਨ ਤੋਂ ਬਚਣ ਦੀ ਧਾਰਮਿਕ ਮਾਨਤਾ ਵੀ ਹੈ। ਪੰਚਾਂਗ ਅਨੁਸਾਰ ਚਤੁਰਥੀ ਤਿਥੀ ਦੌਰਾਨ ਚੰਦਰ ਦਰਸ਼ਨ ਨੂੰ ਵਰਜਿਤ ਮੰਨਿਆ ਜਾਂਦਾ ਹੈ ਤੇ ਇਸ ਨੂੰ ਮਿਥਿਆ ਦੋਸ਼ ਨਾਲ ਜੋੜਿਆ ਜਾਂਦਾ ਹੈ।
ਜੋਤਿਸ਼ਾਚਾਰੀਆ ਤੇ ਵਾਸਤੂ ਮਾਹਿਰ ਡਾ. ਅਮਰਜੀਤ ਗੋਗਨਾ ਅਨੁਸਾਰ ਗਣੇਸ਼ ਜੀ ਦੀ ਉਪਾਸਨਾ ਨੂੰ ਸਿਰਫ਼ ਧਾਰਮਿਕ ਰਸਮ ਵਜੋਂ ਹੀ ਨਹੀਂ, ਸਗੋਂ ਬੁੱਧੀ, ਵਿਵੇਕ ਤੇ ਸਕਾਰਾਤਮਕ ਸੰਕਲਪ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਜੋਤਿਸ਼ੀ ਪਰੰਪਰਾ ਵਿੱਚ ਬੁੱਧ ਗ੍ਰਹਿ ਨੂੰ ਬੁੱਧੀ, ਬਾਣੀ, ਤਰਕ ਤੇ ਫੈਸਲਾ ਲੈਣ ਦੀ ਸਮਰੱਥਾ ਨਾਲ ਸਬੰਧਤ ਮੰਨਿਆ ਜਾਂਦਾ ਹੈ। ਇਸ ਲਈ ਬੁੱਧ ਨਾਲ ਜੁੜੇ ਵਿਸ਼ਿਆਂ ਵਿੱਚ ਗਣੇਸ਼ ਉਪਾਸਨਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।