
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋਸਤਾਂ ਨੇ ਹੀ ਮ੍ਰਿਤਕ ਨੌਜਵਾਨ ਸਾਥੀ ਦੀ ਮੌਤ ਹੋ ਜਾਣ ਤੇ ਲਾਸ਼ ਖੇਤਾਂ ਵਿੱਚ ਦੱਬੀ

-ਨਸ਼ੇ ਕਾਰਨ ਹੋ ਗਈ ਸੀ ਨੌਜਵਾਨ ਦੀ ਮੌਤ
-ਪੁਲਿਸ ਨੇ ਲਾਸ਼ ਕੀਤੀ ਬਰਾਮਦ, ਪਰਚਾ ਦਰਜ
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਕਪੂਰਥਲਾ ਦੇ ਪਿੰਡ ਦੇਸਲ ਵਿਚ ਦਿਲ ਦਹਿਲਾ ਦੇਣ ਦੀ ਘਟਨਾ ਸਾਹਮਣੇ ਆਏ ਹੈ, ਜਿਸ ਵਿਚ ਨਸ਼ੇ ਦੌਰਾਨ ਇਕ ਨੌਜਵਾਨ ਦੀ ਸਿਹਤ ਵਿਗੜਣ 'ਤੇ ਉਸਦੇ ਸਾਥੀ ਖੇਤਾਂ ਵਿਚ ਹੀ ਛੱਡ ਕੇ ਉਸਨੂੰ ਚਲੇ ਗਏ ਤੇ ਅਗਲੇ ਦਿਨ ਉਸਦੀ ਮੌਤ ਹੋ ਜਾਣ 'ਤੇ ਦੋਸਤਾਂ ਨੇ ਹੀ ਉਸਨੂੰ ਜ਼ਮੀਨ ਵਿਚ ਦੱਬ ਕੇ ਖ਼ੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਜਾਂਚ ਦੌਰਾਨ ਮ੍ਰਿਤਕ ਨੌਜਵਾਨ ਦੀ ਲਾਸ਼ 14 ਦਿਨਾਂ ਬਾਅਦ ਬਰਾਮਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦੇਸਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ 14 ਅਗਸਤ ਨੂੰ ਆਪਣੇ ਪਿੰਡ ਦੇ ਦੋਸਤਾਂ ਨਾਲ ਘਰੋਂ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ, ਜਿਸਦੀ ਸੂਚਨਾ ਅਸੀਂ ਥਾਣਾ ਫੱਤੂਢੀਂਗਾ ਪੁਲਿਸ ਨੂੰ ਦਿੱਤੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਮਨਦੀਪ ਸਿੰਘ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਜਦੋਂ ਉਨ੍ਹਾਂ ਨੇ ਅਮਨਦੀਪ ਸਿੰਘ ਦੀ ਮੋਬਾਈਲ ਡਿਟੇਲ ਕਢਵਾਈ ਤਾਂ ਉਸਨੇ ਆਪਣੇ ਦੋਸਤਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ, ਅਸੀਂ ਪੁਲਿਸ ਨੂੰ ਇਸ ਸਬੰਧੀ ਜਾਣੂ ਕਰਵਾਇਆ ਤਾਂ ਪੁਲਿਸ ਨੇ ਕਾਰਵਾਈ ਪਾਉਂਦਿਆਂ ਉਸਦੇ ਦੋ ਦੋਸਤਾਂ ਨੂੰ ਪੁੱਛਗਿੱਛ ਲਈ ਥਾਣਾ ਫੱਤੂਢੀਂਗਾ ਲਿਆਂਦਾ। ਥਾਣਾ ਫੱਤੂਢੀਂਗਾ ਦੇ ਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪਿੰਡ ਦੇ ਨੌਜਵਾਨ ਵਰਿੰਦਰ ਤੇ ਪਲਵਿੰਦਰ ਉਰਫ਼ ਅਜੇ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਅੱਜ ਝੋਨੇ ਦੇ ਖੇਤਾਂ ਵਿਚ ਦੱਬੀ ਹੋਈ ਅਮਨਦੀਪ ਸਿੰਘ ਦੀ ਲਾਸ਼ ਬਰਾਮਦ ਕਰਵਾਈ, ਜਿਸ ਉਪਰੰਤ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
3 ਦਿਨ ਦੇ ਰਿਮਾਂਡ ’ਤੇ ਮੁਲਜ਼ਮ
ਐੱਸਐੱਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਥਾਨਕ ਪੁਲਿਸ ਦੀ ਕੋਸ਼ਿਸ਼ ਡੈੱਡ ਬੌਡੀ ਬਰਾਮਦ ਕਰਨਾ ਸੀ ਤਾਂ ਜੋ ਸਹੀ ਤੱਥ ਸਾਹਮਣੇ ਆ ਸਕਣ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਡੈਡ ਬੌਡੀ ਅਸੀਂ ਨੱਪੀ ਹੈ। ਪੁਲਿਸ ਨੇ ਉਨ੍ਹਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।