ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ’ਚ ਕੀਤੀ ਫਰੈਸ਼ਰ ਪਾਰਟੀ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਫਰੈਸ਼ਰ ਪਾਰਟੀ ਦਾ ਸ਼ਾਨਦਾਰ ਆਯੋਜਨ
Publish Date: Sun, 30 Aug 2026 08:53 PM (IST)
Updated Date: Sun, 30 Aug 2026 08:55 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਅਗਵਾਈ ਤੇ ਸੁਚੱਜੀ ਰਹਿਨੁਮਾਈ ਹੇਠ ਬੀਏ, ਬੀਸੀਏ ਤੇ ਬੀਐੱਸਸੀ (ਫੈਸ਼ਨ ਡਿਜ਼ਾਈਨਿੰਗ) ਦੀਆਂ ਨਵੀਆਂ ਵਿਦਿਆਰਥਣਾਂ ਦੇ ਸਵਾਗਤ ਲਈ ਇੱਕ ਸ਼ਾਨਦਾਰ ਤੇ ਰੰਗਾਰੰਗ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਫਰੈਸ਼ਰ ਪਾਰਟੀ ਦਾ ਉਦੇਸ਼ ਨਵੀਆਂ ਵਿਦਿਆਰਥਣਾਂ ਦਾ ਕਾਲਜ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਤੇ ਸ਼ਖ਼ਸੀਅਤ ਨੂੰ ਪ੍ਰਗਟ ਕਰਨ ਲਈ ਇੱਕ ਸੁੰਦਰ ਮੰਚ ਪ੍ਰਦਾਨ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਨਵੀਆਂ ਵਿਦਿਆਰਥਣਾਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਉਪਰੰਤ ਵਿਦਿਆਰਥਣਾਂ ਨੇ ਮਾਡਲਿੰਗ ਰਾਊਂਡ, ਟਾਸਕ ਰਾਊਂਡ, ਡਾਂਸ, ਗੀਤ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿੱਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਮਾਡਲਿੰਗ ਰਾਊਂਡ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ, ਜਿਸ ਵਿੱਚ ਵਿਦਿਆਰਥਣਾਂ ਨੇ ਆਤਮ-ਵਿਸ਼ਵਾਸ, ਸ਼ਾਲੀਨਤਾ ਅਤੇ ਆਪਣੀ ਵਿਲੱਖਣ ਸ਼ਖ਼ਸੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟਾਸਕ ਰਾਊਂਡ ਦੌਰਾਨ ਵਿਦਿਆਰਥਣਾਂ ਦੀ ਹਾਜ਼ਰ ਜਵਾਬੀ, ਸਿਰਜਣਾਤਮਕਤਾ, ਆਤਮ-ਵਿਸ਼ਵਾਸ ਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਪਰਖਿਆ ਗਿਆ। ਇਸ ਤੋਂ ਇਲਾਵਾ ਡਾਂਸ ਤੇ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਸੱਭਿਆਚਾਰਕ ਰੰਗ ਭਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਜੀਵਨ ਸਿਰਫ਼ ਕਿਤਾਬੀ ਗਿਆਨ ਹਾਸਲ ਕਰਨ ਤੱਕ ਸੀਮਿਤ ਨਹੀਂ ਹੁੰਦਾ, ਬਲਕਿ ਇਹ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਤੇ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਨੂੰ ਪਛਾਣਨ ਦਾ ਮਹੱਤਵਪੂਰਨ ਪੜਾਅ ਹੈ। ਸਮਾਗਮ ਵਿੱਚ ਅਧਿਆਪਕਾਂ ਵੱਲੋਂ ਵੀ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ ਗਿਆ। ਪੂਰੇ ਸਮਾਗਮ ਦੌਰਾਨ ਕਾਲਜ ਕੈਂਪਸ ਵਿੱਚ ਖੁਸ਼ੀ, ਉਤਸ਼ਾਹ ਤੇ ਉਮੰਗ ਦਾ ਮਾਹੌਲ ਬਣਿਆ ਰਿਹਾ।