ਕਾਮਰਸ ਵਿਭਾਗ ਨੇ ਕਰਵਾਈ ਫ੍ਰੈਸ਼ਰ ਪਾਰਟੀ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ ) ਫੱਤੂਢੀਂਗਾ ਵਿਖੇ ਕਾਮਰਸ ਵਿਭਾਗ ਵੱਲੋਂ ਫ੍ਰੈਸ਼ਰ ਪਾਰਟੀ ਦਾ ਆਯੋਜਨ
Publish Date: Sun, 23 Aug 2026 09:35 PM (IST)
Updated Date: Sun, 23 Aug 2026 09:36 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਕਾਮਰਸ ਵਿਭਾਗ ਵੱਲੋਂ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਸ਼ਾਨਦਾਰ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਆਪਣੇ ਸੀਨੀਅਰਾਂ ਤੇ ਅਧਿਆਪਕਾਂ ਨਾਲ ਘੁਲਣ-ਮਿਲਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਪਵਿੱਤਰ ਸ਼ਬਦ ਗਾਇਨ ਤੇ ਸਵਾਗਤੀ ਸੰਬੋਧਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਤੇ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਵਿੱਚ ਗੀਤ, ਗਿੱਧਾ, ਭੰਗੜਾ ਤੇ ਸਕਿੱਟ ਸ਼ਾਮਲ ਸਨ। ਨਵੇਂ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਸਟੇਜ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਨੋਰੰਜਨ ਲਈ ਕਈ ਮਜ਼ੇਦਾਰ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਫ੍ਰੈਸ਼ਰ ਵਿਦਿਆਰਥੀਆਂ ’ਚ ਆਂਚਲਪ੍ਰੀਤ ਕੌਰ ਨੂੰ ਮਿਸ ਫ੍ਰੈਸ਼ਰ ਤੇ ਅਮਨਪ੍ਰੀਤ ਕੌਰ ਮਿਸ ਚਾਰਮਿੰਗ ਚੁਣੀਆਂ ਗਈਆਂ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਜੀ ਆਇਆਂ ਨੂੰ ਆਖਿਆ ਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਮਰਸ ਵਿਭਾਗ ਦੇ ਅਧਿਆਪਕਾਂ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ। ਸਮੁੱਚੇ ਤੌਰ ’ਤੇ ਇਹ ਫ੍ਰੈਸ਼ਰ ਪਾਰਟੀ ਖੁਸ਼ੀ, ਉਤਸ਼ਾਹ ਤੇ ਮਨੋਰੰਜਨ ਨਾਲ ਭਰਪੂਰ ਰਹੀ ਤੇ ਇਸ ਨੇ ਨਵੇਂ ਵਿਦਿਆਰਥੀਆਂ ਦੇ ਕਾਲਜ ਜੀਵਨ ਦੀ ਇੱਕ ਯਾਦਗਾਰ ਸ਼ੁਰੂਆਤ ਕੀਤੀ।