ਸੀ-ਪਾਈਟ ’ਚ ਫ਼ੌਜ ਤੇ ਪੁਲਿਸ ਭਰਤੀ ਦੀ ਮੁਫ਼ਤ ਸਿਖਲਾਈ ਜਾਰੀ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਫ਼ੌਜ ਅਤੇ ਪੁਲਿਸ ਭਰਤੀ ਦੀ ਮੁਫ਼ਤ ਸਿਖਲਾਈ ਜਾਰੀ
Publish Date: Thu, 24 Sep 2026 07:47 PM (IST)
Updated Date: Thu, 24 Sep 2026 07:48 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ, ਪੈਰਾਮਿਲਟਰੀ ਫੋਰਸਿਜ਼ ਤੇ ਪੀਐੱਸਐੱਸਐੱਸਬੀ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਤੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਥੇਹ ਕਾਂਜਲਾ ਵਿਖੇ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਦੌਰਾਨ ਸਿਖਲਾਈ, ਪੜ੍ਹਾਈ, ਰਿਹਾਇਸ਼ ਤੇ ਖਾਣਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਸੀ-ਪਾਈਟ ਕੈਂਪ ਇੰਚਾਰਜ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਕਪੂਰਥਲਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਜੋ ਨੌਜਵਾਨ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਪਾਸ ਕਰ ਚੁੱਕੇ ਹਨ, ਉਹ ਫਿਜ਼ੀਕਲ ਦੀ ਤਿਆਰੀ ਲਈ ਸੀ-ਪਾਈਟ ਕੈਂਪ, ਥੇਹ ਕਾਂਜਲਾ ਵਿਖੇ ਪਹੁੰਚ ਕੇ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸਜ਼ (ਜਿਵੇਂ ਬੀਐੱਸਐੱਫ., ਸੀਆਰਪੀਐੱਫ, ਆਈਟੀਬੀਪੀ) ਤੇ ਪੰਜਾਬ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਦੇ ਨਾਲ-ਨਾਲ ਪੀਐੱਸਐੱਸਐੱਸਬੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਕਰਨ ਵਾਲੇ ਉਮੀਦਵਾਰ ਵੀ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਇੱਥੇ ਨੌਜਵਾਨਾਂ ਨੂੰ ਸਵੇਰੇ ਤੇ ਸ਼ਾਮ ਨਿਯਮਤ ਤੌਰ ਤੇ ਫਿਜ਼ੀਕਲ ਟ੍ਰੇਨਿੰਗ ਕਰਵਾਈ ਜਾਵੇਗੀ। ਕੈਂਪ ਵਿੱਚ ਉਮੀਦਵਾਰਾਂ ਲਈ ਜਿੰਮ ਤੇ ਖੇਡਾਂ ਦਾ ਖ਼ਾਸ ਪ੍ਰਬੰਧ ਹੈ। ਟ੍ਰੇਨਿੰਗ ਲਈ ਆਉਣ ਵਾਲੇ ਉਮੀਦਵਾਰ ਆਪਣੇ ਨਾਲ ਲੋੜੀਂਦੇ ਦਸਤਾਵੇਜ਼ਾਂ (ਜਿਵੇਂ ਕਿ ਆਧਾਰ ਕਾਰਡ, ਦਸਵੀਂ ਜਾਂ ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ) ਦੀਆਂ ਫੋਟੋ ਕਾਪੀਆਂ ਲੈ ਕੇ ਕੈਂਪ ਵਿੱਚ ਰਿਪੋਰਟ ਕਰਨ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ 8360163527, 6900200733 ’ਤੇ ਸੰਪਰਕ ਕਰ ਸਕਦੇ ਹੋ।