ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
Publish Date: Sat, 10 Oct 2026 07:28 PM (IST)
Updated Date: Sat, 10 Oct 2026 07:29 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਚੈਰੀਟੇਬਲ ਡਿਸਪੈਂਸਰੀ ਗੁਰੂਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਕਮਰਾ ਨੰਬਰ 8 ਵਿੱਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਜਨਰਲ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਹਰ ਵਾਰ ਦੀ ਤਰਾਂ ਸਵੇਰੇ 10 ਤੋਂ 2 ਵਜੇ ਤਕ ਲੱਗਾ, ਜਿੱਥੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ। ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਦਸਿਆ ਕਿ ਹਰੇਕ ਮਹੀਨੇ ਵਾਂਗ ਮੱਸਿਆ ਦੇ ਦਿਹਾੜੇ ’ਤੇ ਲੜੀਵਾਰ ਫ੍ਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 140 ਤੋਂ ਵੀ ਜ਼ਿਆਦਾ ਮਰੀਜ਼ਾਂ ਨੇ ਆਪਣਾ ਚੈਕਅਪ ਕਰਵਾਕੇ ਮੁਫਤ ਦਵਾਈਆਂ ਲਈਆਂ। ਇਸ ਕੈਂਪ ਵਿੱਚ ਜਨਰਲ ਬਿਮਾਰੀਆਂ ਦੇ ਮਾਹਿਰ ਬਲਵੀਰ ਸਿੰਘ ਤੇ ਸਹਾਇਕ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਗੁਰੂਦੁਆਰਾ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਤੇ ਸੰਸਥਾ ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਆਏ ਹੋਏ ਡਾਕਟਰਾਂ ਨੂੰ ਗੁਰੁ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇ ਦਸਿਆ ਕਿ ਇਸ ਫ੍ਰੀ ਕੈਂਪ ਨਾਲ, ਗੁਰੁਦੁਆਰਾ ਸਾਹਿਬ ਨਾਲ ਲਗਦੇ 15 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ। ਇਸ ਮੌਕੇ ਕੁਲਦੀਪ ਸਿੰਘ, ਸਾਬਕਾ ਬੈਂਕ ਮੈਨੇਜਰ ਨਰਿੰਦਰ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।