ਪਿੰਡ ਔਜਲਾ ’ਚ ਮੁਫ਼ਤ ਕੈਂਸਰ ਦਾ ਕੈਂਪ ਲਗਾਇਆ ਗੁਰਦੁਆਰਾ ਸਿੱਧ ਵਜ਼ੀਰ ਪਿੰਡ ਔਜਲਾ ਵਿਖੇ ਮੁਫ਼ਤ ਕੈਂਸਰ ਅਤੇ ਅੱਖਾਂ ਦਾ ਕੈਂਪ ਸਫ਼ਲਤਾਪੂਰਵਕ ਸੰਪੰਨ
Publish Date: Sun, 23 Aug 2026 08:45 PM (IST)
Updated Date: Sun, 23 Aug 2026 08:48 PM (IST)
-- 450 ਮਰੀਜ਼ਾਂ ਦੀ ਹੋਈ ਜਾਂਚ --16 ਗ੍ਰੰਥੀ ਸਿੰਘਾਂ ਨੂੰ ਇਲੈਕਟ੍ਰਾਨਿਕ ਸਕੂਟਰੀਆਂ ਦੇ ਕੇ ਕੀਤਾ ਸਨਮਾਨਿਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗੁਰਦੁਆਰਾ ਸਾਹਿਬ ਸਿੱਧ ਵਜ਼ੀਰ ਪਿੰਡ ਔਜਲਾ ਵਿਖੇ ਵਰਲਡ ਕੈਂਸਰ ਕੇਅਰ ਤੇ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਉੱਪਲ (ਯੂਐੱਸਏ) ਦੇ ਸਹਿਯੋਗ ਨਾਲ ਲਗਾਇਆ ਗਿਆ ਮੁਫ਼ਤ ਕੈਂਸਰ ਤੇ ਅੱਖਾਂ ਦਾ ਚੈੱਕਅੱਪ ਕੈਂਪ ਸ਼ਰਧਾ ਤੇ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਹ ਮਾਨਵਤਾ ਭਲਾਈ ਉਪਰਾਲਾ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਉੱਪਲ ਵੱਲੋਂ ਆਪਣੇ ਸਵਰਗੀ ਪਿਤਾ ਸ. ਹਰਬੰਸ ਸਿੰਘ ਤੇ ਸਵਰਗੀ ਮਾਤਾ ਸਰਦਾਰਨੀ ਜੋਗਿੰਦਰ ਕੌਰ ਦੀ ਮਿੱਠੀ ਯਾਦ ਵਿੱਚ ਕਰਵਾਇਆ ਗਿਆ। ਕੈਂਪ ਦੌਰਾਨ ਆਧੁਨਿਕ ਮੋਬਾਈਲ ਵੈਨਾਂ ਰਾਹੀਂ ਇਲਾਕੇ ਦੇ ਕਰੀਬ 450 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਤੇ ਕੈਂਸਰ ਦੇ ਟੈਸਟਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ। ਧਾਰਮਿਕ ਦੀਵਾਨਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ। ਬਾਬਾ ਜੀ ਨੇ ਸਮੂਹ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਕੀਤੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦਾ ਜਾਪ ਕਰਨ ਨਾਲ ਮਨੁੱਖ ਦੇ ਵੱਡੇ ਤੋਂ ਵੱਡੇ ਕਾਰਜ ਵੀ ਰਾਸ ਹੋ ਜਾਂਦੇ ਹਨ। ਇਸ ਸਮਾਗਮ ਦਾ ਮੁੱਖ ਆਕਰਸ਼ਣ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਰਿਹਾ, ਜਿਸ ਤਹਿਤ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਨਿਸ਼ਕਾਮ ਸੇਵਾ ਨਿਭਾ ਰਹੇ 16 ਗ੍ਰੰਥੀ ਸਿੰਘਾਂ ਨੂੰ ਇਲੈਕਟ੍ਰਾਨਿਕ ਸਕੂਟਰੀਆਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਤੇ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਉੱਪਲ ਦੇ ਇਸ ਮਾਨਵਤਾ ਭਲਾਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੇ ਅਖੀਰ ਵਿੱਚ ਮੁੱਖ ਪ੍ਰਬੰਧਕ ਮਨਜੀਤ ਸਿੰਘ ਉੱਪਲ ਨੇ ਸਮੂਹ ਸੰਗਤਾਂ, ਪਤਵੰਤੇ ਸੱਜਣਾਂ ਤੇ ਆਏ ਹੋਏ ਮਹਿਮਾਨਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡੀਐੱਸਪੀ ਹਰਗੁਰਦੇਵ ਸਿੰਘ, ਡੀਐੱਸਪੀ ਕ੍ਰਿਸ਼ਨ ਕੁਮਾਰ, ਸਾਬਕਾ ਡੀਐੱਸਪੀ ਮਹਿੰਦਰ ਸਿੰਘ, ਜਥੇਦਾਰ ਸੁਖਜੀਤ ਸਿੰਘ ਢਪੱਈ (ਜ਼ਿਲ੍ਹਾ ਪ੍ਰਧਾਨ ਜੱਥਾ ਦਮਦਮੀ ਟਕਸਾਲ), ਜਥੇਦਾਰ ਦਵਿੰਦਰ ਸਿੰਘ ਢਪੱਈ, ਤਲਵਿੰਦਰ ਸਿੰਘ ਰੰਧਾਵਾ, ਕਮਲਜੀਤ ਸਿੰਘ ਧੂਆਖੇ ਨਿਸ਼ਾਨ, ਸੁਖਦੇਵ ਸਿੰਘ ਕਾਦੂਪੁਰ, ਸਰਪੰਚ ਪਿੰਦਰ ਸਿੰਘ, ਐਡਵੋਕੇਟ ਹਰਵਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਖੋਜੇਵਾਲ, ਸੰਨੀ ਬੈਂਸ, ਸੁਖਜੀਤ ਸਿੰਘ ਬਿੱਲਾ (ਆਗੂ ਵਾਰਸ ਪੰਜਾਬ ਦੇ) ਤੇ ਦਾਰਾ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।