ਨੌਸਰਬਾਜ਼ ਲੜਕੀ ਦਾ ਫੋਨ ਖੋਹਕੇ ਫਰਾਰ ਨੌੋਸਰਬਾਜ ਲੜਕੀ ਦਾ ਫੋਨ ਖੋਹਕੇ ਫਰਾਰ
Publish Date: Sat, 17 Oct 2026 08:11 PM (IST)
Updated Date: Sat, 17 Oct 2026 08:12 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਫਗਵਾੜਾ ਦੇ ਪਲਾਹੀ ਗੇਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਦਾ ਮੋਬਾਈਲ ਫੋਨ ਖੋਹ ਕੇ ਮੋਟਰਸਾਈਕਲ ਸਵਾਰ ਨੌਜਵਾਨ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਪਲਾਹੀ ਗੇਟ ਦੀ ਰਹਿਣ ਵਾਲੀ ਵੈਸ਼ਾਲੀ ਇੱਕ ਮੈਡੀਕਲ ਸਟੋਰ ’ਤੇ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ, ਤਾਂ ਇਸ ਦੌਰਾਨ ਉਸ ਨੂੰ ਕਿਸੇ ਦੀ ਫੋਨ ਕਾਲ ਆਈ। ਵੈਸ਼ਾਲੀ ਮੁਤਾਬਕ, ਜਿਵੇਂ ਹੀ ਉਸ ਨੇ ਫੋਨ ਸੁਣਨ ਲਈ ਮੋਬਾਈਲ ਆਪਣੇ ਕੰਨ ਨਾਲ ਲਗਾਇਆ, ਪਿੱਛਿਓਂ ਮੋਟਰਸਾਈਕਲ ’ਤੇ ਆਏ ਇੱਕ ਨੌਜਵਾਨ ਨੇ ਝਪੱਟਾ ਮਾਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮ ਦੀ ਪਛਾਣ ਕੀਤੀ ਜਾਵੇ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਦਾ ਮੋਬਾਈਲ ਫੋਨ ਵਾਪਸ ਦਿਵਾਇਆ ਜਾਵੇ। ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਤੇ ਪੀੜਤਾ ਨੂੰ ਉਸ ਦਾ ਮੋਬਾਈਲ ਫੋਨ ਕਦੋਂ ਤੱਕ ਵਾਪਸ ਮਿਲਦਾ ਹੈ।