ਡਾ. ਕਾਮਿਨੀ ਸਹਿਗਲ ਬਣੇ ਕਮਲਾ ਨਹਿਰੂ ਕਾਲਜ ਦੇ 8ਵੇਂ ਪ੍ਰਿੰਸੀਪਲ ਨਵੀਂ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਦੇ ਪਹਿਲੇ ਸੰਬੋਧਨ ਨਾਲ 2026-27 ਲਈ ਸੈਂਟਰਲ ਐਸੋਸੀਏਸ਼ਨ ਟੀਮ ਦਾ ਗਠਨ
Publish Date: Thu, 13 Aug 2026 06:55 PM (IST)
Updated Date: Thu, 13 Aug 2026 06:56 PM (IST)
ਪ੍ਰਿੰਸੀਪਲ ਲਈ ਵਿਸ਼ੇਸ਼ ਸਭਾ ਕਰਵਾਈ ਸੈਂਟਰਲ ਐਸੋਸੀਏਸ਼ਨ ਟੀਮ ਦਾ ਕੀਤਾ ਗਠਨ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਵਿਖੇ ਕਾਲਜ ਦੀ 8ਵੀਂ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਦੀ ਵਿਦਿਆਰਥਣਾਂ ਨਾਲ ਰਸਮੀ ਜਾਣ-ਪਛਾਣ ਕਰਵਾਉਣ ਲਈ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਕਾਦਮਿਕ ਸੈਸ਼ਨ 2026-27 ਲਈ ਨਵੀਂ ਗਠਿਤ ਸੈਂਟਰਲ ਐਸੋਸੀਏਸ਼ਨ (ਸੀਏ) ਟੀਮ ਦਾ ਐਲਾਨ ਵੀ ਕੀਤਾ ਗਿਆ। ਇਹ ਪ੍ਰੋਗਰਾਮ ਅਕਾਦਮਿਕਸ ਡਾਇਰੈਕਟਰ ਡਾ. ਸਵਿੰਦਰ ਪਾਲ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ, ਜਿਸ ਵਿੱਚ 700 ਤੋਂ ਵੱਧ ਵਿਦਿਆਰਥਣਾਂ ਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਨੇ ਕਾਲਜ ਦੀ ਅਮੀਰ ਵਿਰਾਸਤ ਨੂੰ ਕਾਇਮ ਰੱਖਣ ਵਿੱਚ ਵਿਦਿਆਰਥਣਾਂ ਤੇ ਫੈਕਲਟੀ ਦੀ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਕਾਰਾਤਮਕ ਅਕਾਦਮਿਕ ਮਾਹੌਲ ਸਿਰਜਣ ਤੇ ਸੰਸਥਾ ਦੀ ਨਿਰੰਤਰ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਅਨੁਸ਼ਾਸਨ, ਇਮਾਨਦਾਰੀ ਤੇ ਸਮਰਪਣ ਨੂੰ ਮਹੱਤਵਪੂਰਨ ਦੱਸਿਆ। ਸਮਾਗਮ ਦਾ ਮੁੱਖ ਆਕਰਸ਼ਣ ਸੀਨੀਅਰ ਤੇ ਜੂਨੀਅਰ ਦੋਵੇਂ ਵਿੰਗਾਂ ਲਈ ਸੈਂਟਰਲ ਐਸੋਸੀਏਸ਼ਨ ਟੀਮ (2026-27) ਦਾ ਰਸਮੀ ਐਲਾਨ ਰਿਹਾ। ਇਸ ਤੋਂ ਬਾਅਦ ਸ਼ਾਨਦਾਰ ਸੈਸ਼ ਸੈਰੇਮਨੀ ਕਰਵਾਈ ਗਈ, ਜਿਸ ਵਿੱਚ ਟੀਮ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੈਸ਼ ਪਹਿਨਾਏ ਗਏ। ਸੀਨੀਅਰ ਵਿੰਗ ਵਿੱਚ ਕਸ਼ਿਸ਼ (ਬੀਐੱਸਸੀ. ਮੈਡੀਕਲ, 5ਵਾਂ ਸਮੈਸਟਰ) ਨੂੰ ਹੈੱਡ ਗਰਲ, ਜਦਕਿ ਮੁਸਕਾਨ ਸੰਧੂ (ਬੀਐੱਸਸੀ ਇਕਨਾਮਿਕਸ, 5ਵਾਂ ਸਮੈਸਟਰ) ਨੂੰ ਵਾਈਸ ਹੈੱਡ ਗਰਲ ਨਿਯੁਕਤ ਕੀਤਾ ਗਿਆ। ਤ੍ਰਿਪਤੀ ਸ਼ਰਮਾ (ਬੀਸੀਏ, ਤੀਜਾ ਸਮੈਸਟਰ) ਨੂੰ ਸਕੱਤਰ ਤੇ ਮਹਿਕ ਸ਼ਰਮਾ (ਬੀਕਾਮ, 5ਵਾਂ ਸਮੈਸਟਰ) ਨੂੰ ਵਾਈਸ ਸਕੱਤਰ ਬਣਾਇਆ ਗਿਆ। ਨੈਨਸੀ (ਬੀਐੱਸਸੀ ਮੈਡੀਕਲ, 5ਵਾਂ ਸਮੈਸਟਰ) ਨੇ ਖਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲੀ, ਜਦਕਿ ਰਵਨੀਤ ਕੌਰ (ਬੀਸੀਏ, ਤੀਜਾ ਸਮੈਸਟਰ) ਨੂੰ ਜੁਆਇੰਟ ਖਜ਼ਾਨਚੀ ਨਿਯੁਕਤ ਕੀਤਾ ਗਿਆ। ਟੀਮ ਵਿੱਚ ਵੱਖ-ਵੱਖ ਵਿਸ਼ਿਆਂ ਦੀ ਨੁਮਾਇੰਦਗੀ ਕਰਨ ਵਾਲੇ ਪੀਆਰਓ ਤੇ ਕੋ-ਪੀਆਰਓ ਵੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਗਨਦੀਪ, ਸਮਨਦੀਪ, ਮੰਨਤ, ਰਿਤਿਕਾ ਪ੍ਰਭਾਕਰ, ਖੁਸ਼ਬੂ, ਸ਼ਮਨੀ ਤੇ ਅਨੰਨਿਆ ਸ਼ਰਮਾ ਦੇ ਨਾਮ ਸ਼ਾਮਲ ਹਨ। ਜੂਨੀਅਰ ਵਿੰਗ ਵਿੱਚ ਮਨਮੀਤ (11ਵੀਂ ਕਾਮਰਸ), ਜਸਮੀਨ ਕੌਰ (12ਵੀਂ ਕਾਮਰਸ), ਜਸਮੀਤ ਕੌਰ (11ਵੀਂ ਸਾਇੰਸ), ਵਿਸ਼ਾਖਾ (12ਵੀਂ ਸਾਇੰਸ), ਅਮਨ (11ਵੀਂ ਆਰਟਸ) ਤੇ ਮਨਤੇਜ (12ਵੀਂ ਆਰਟਸ) ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ ਕਰਦਿਆਂ ਦੇਸ਼ਭਗਤੀ ਦਾ ਮਾਹੌਲ ਸਿਰਜਣ ਲਈ ਮੌਜੂਦ ਵਿਦਿਆਰਥਣਾਂ ਤੇ ਸਟਾਫ਼ ਦੇ ਹੱਥਾਂ ’ਤੇ ਤਿਰੰਗਾ ਬਣਾਇਆ ਗਿਆ। ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ਭਗਤੀ ਦਾ ਵਿਸ਼ੇਸ਼ ਗੀਤ ਪੇਸ਼ ਕੀਤਾ, ਜਿਸ ਤੋਂ ਬਾਅਦ ਐੱਨਐੱਸਐੱਸ ਵਲੰਟੀਅਰਾਂ ਨੇ ਜੋਸ਼ ਭਰਪੂਰ ਡਾਂਸ ਪੇਸ਼ਕਾਰੀ ਦਿੱਤੀ।