ਫੂਡ ਸੇਫਟੀ ਵਿੰਗ ਕਪੂਰਥਲਾ ਨੇ ਸੁਲਤਾਨਪੁਰ ਲੋਧੀ ਇਲਾਕੇ ’ਚ ਕੀਤੀ ਚੈਕਿੰਗ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਗੁਰਪੁਰਬ ਦੀ ਆਮਦ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਚੈਕਿੰਗ
Publish Date: Fri, 13 Nov 2026 09:39 PM (IST)
Updated Date: Fri, 13 Nov 2026 09:42 PM (IST)
ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅਕਾਸ਼ ਬਾਂਸਲ ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ, ਡਾਕਟਰ ਰਾਜੀਵ ਪਰਾਸ਼ਰ ਸਿਵਲ ਸਰਜਨ ਕਪੂਰਥਲਾ ਤੇ ਸ਼ੁਭੀ ਆਂਗਰਾ, ਸਬ ਡਿਵੀਜ਼ਨਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਦੇ ਦਿਸ਼ਾ-ਨਿਰਦੇਸ਼ਾਂ ਤੇ ਗੁਰਪੁਰਬ ਦੀ ਆਮਦ ਦੇ ਮੱਦੇਨਜ਼ਰ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਤਹਿਤ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਫਾਸਟ ਫ਼ੂਡ ਦੀਆਂ ਰੇਹੜੀਆਂ ਤੇ ਹੋਰ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਫ਼ੂਡ ਬਿਜ਼ਨੈੱਸ ਆਪਰੇਟਰਾਂ ਨੂੰ ਨਿਜੀ ਸਾਫ਼-ਸਫ਼ਾਈ ਦੇ ਨਾਲ ਅਦਾਰੇ ਤੇ ਇਸਦੇ ਆਲੇ-ਦੁਆਲੇ ਸਫ਼ਾਈ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਤੇ ਫ਼ੂਡ ਬਿਜ਼ਨੈੱਸ ਆਪਰੇਟਰਾਂ ਨੂੰ ਸਿਰ ’ਤੇ ਟੋਪੀ, ਦਸਤਾਨੇ ਤੇ ਐਪਰਨ ਪਾਉਣ ਤੇ ਨਾਲ ਹੀ ਢੱਕਣ ਵਾਲੇ ਡਸਟਬਿਨ ਇਸਤੇਮਾਲ ਕਰਨ ਲਈ ਕਿਹਾ ਗਿਆ। ਫ਼ੂਡ ਵਿੰਗ ਨੇ ਸਮੂਹ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਮਾਲ ਹੀ ਵਰਤਣ, ਖਾਧ ਪਦਾਰਥ ਸਾਫ਼-ਸੁਥਰੇ ਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਨ ਤੇ ਤਿਆਰ ਖਾਧ ਸਮੱਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਤੇ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਏ ਜਾ ਸਕਣ। ਟੀਮ ਵੱਲੋਂ ਮੌਕੇ ਤੇ ਸਮੂਹ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਦੁਕਾਨਾਂ ਤੇ ਰਸੋਈ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਸਾਰਾ ਸਾਮਾਨ ਤੇ ਕੱਚਾ ਮਾਲ ਕੇਵਲ ਪੱਕੇ ਬਿੱਲ ਤੇ ਹੀ ਖਰੀਦਿਆ ਜਾਵੇ ਤਾਂ ਜੋ ਸਮੱਗਰੀ ਦੇ ਸਹੀ ਸਰੋਤ ਦੀ ਪਛਾਣ ਹੋ ਸਕੇ। ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਖਾਣੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਕਲੀ ਜਾਂ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈ। ਕਿਸੇ ਵੀ ਦੁਕਾਨ ਵਿੱਚ ਵੇਚੇ ਜਾ ਰਹੇ ਖਾਧ ਪਦਾਰਥ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਸਬੰਧਤ ਫੂਡ ਬਿਜ਼ਨਸ ਆਪਰੇਟਰ ਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਇਸ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਫੂਡ ਕਾਰੋਬਾਰੀਆਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਤੇ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਗੁਰਪੁਰਬ ਪੂਰਨ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਸਕੇ।