ਫੂਡ ਸੇਫਟੀ ਵਿੰਗ ਨੇ ਮਿਠਾਈਆਂ ਦੇ 7 ਸੈਂਪਲ ਲਏ ਫੂਡ ਸੇਫਟੀ ਵਿੰਗ ਵੱਲੋਂ ਕਪੂਰਥਲਾ ਫਗਵਾੜਾ ਇਲਾਕੇ ਵਿੱਚ ਚੈਕਿੰਗ ; ਮਿਠਾਈਆਂ ਦੇ ਕੁੱਲ 7 ਸੈਂਪਲ ਲਏ
Publish Date: Tue, 25 Aug 2026 09:28 PM (IST)
Updated Date: Tue, 25 Aug 2026 09:30 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਮਲਪ੍ਰੀਤ ਬਰਾੜ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਤੇ ਅਕਾਸ਼ ਬੰਸਲ, ਡਿਪਟੀ ਕਮਿਸ਼ਨਰ, ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਡਾਕਟਰ ਰਾਜੀਵ ਪਰਾਸ਼ਰ, ਸਿਵਲ ਸਰਜਨ ਦੀ ਯੋਗ ਨਿਗਰਾਨੀ ਹੇਠ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ (ਫੂਡ) ਵੱਲੋਂ ਕੀਤੀ ਗਈ, ਜਦਕਿ ਟੀਮ ਵਿੱਚ ਮਹਿਕ ਸੈਣੀ, ਫੂਡ ਸੇਫਟੀ ਅਫ਼ਸਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਚੈਕਿੰਗ ਮੁਹਿੰਮ ਦੌਰਾਨ ਟੀਮ ਵੱਲ ਫਗਵਾੜਾ ਏਰੀਆ ਦੇ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਦੁਕਾਨਾਂ ਤੋਂ ਕੁੱਲ 7 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਵਿੱਚ ਬਰਫ਼ੀ, ਢੋਡਾ ਬਰਫ਼ੀ, ਰਸਗੁੱਲਾ, ਗੁਲਾਬ ਜਾਮੁਨ, ਪਤੀਸਾ, ਪੇੜਾ ਤੇ ਲੱਡੂ ਆਦਿ ਸ਼ਾਮਲ ਸਨ। ਇਹ ਸਾਰੇ ਸੈਂਪਲ ਜਾਂਚ ਲਈ ਸਟੇਟ ਲੈਬਾਰਟਰੀ ਭੇਜੇ ਜਾ ਰਹੇ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਕਟ ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਮੂਹ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਕੱਚਾ ਮਾਲ ਹੀ ਵਰਤਣ, ਖੁਰਾਕ ਪਦਾਰਥ ਸਾਫ਼-ਸੁਥਰੇ ਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਨ ਤੇ ਤਿਆਰ ਸਮੱਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਤੇ ਮਿਆਰੀ ਪਦਾਰਥ ਉਪਲਬਧ ਕਰਵਾਏ ਜਾ ਸਕਣ। --ਫੂਡ ਕਾਰੋਬਾਰੀਆਂ ਨੂੰ ਮੌਕੇ ਤੇ ਦਿੱਤੀਆਂ ਹਦਾਇਤਾਂ: ਸਾਫ਼-ਸਫ਼ਾਈ ਤੇ ਪੱਕੇ ਬਿੱਲ : ਟੀਮ ਵੱਲੋਂ ਮੌਕੇ ਤੇ ਸਮੂਹ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਦੁਕਾਨਾਂ ਤੇ ਰਸੋਈ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਸਾਰਾ ਸਾਮਾਨ ਤੇ ਕੱਚਾ ਮਾਲ ਕੇਵਲ ਪੱਕੇ ਬਿੱਲ ਤੇ ਹੀ ਖਰੀਦਿਆ ਜਾਵੇ ਤਾਂ ਜੋ ਸਮੱਗਰੀ ਦੇ ਸਹੀ ਸਰੋਤ ਦੀ ਪਛਾਣ ਹੋ ਸਕੇ। --ਨਕਲੀ ਰੰਗਾਂ ਦੀ ਮਨਾਹੀ : ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਖਾਣੇ ਜਾਂ ਮਿਠਾਈਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਕਲੀ ਜਾਂ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈ। ਮਿਠਾਈਆਂ ਤਿਆਰ ਕਰਨ ਲਈ ਕੇਵਲ ਸਾਫ਼-ਸੁਥਰੇ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ। --ਲਾਇਸੈਂਸ ਤੇ ਰਜਿਸਟ੍ਰੇਸ਼ਨ : ਸਮੂਹ ਫੂਡ ਕਾਰੋਬਾਰੀਆਂ ਨੂੰ ਆਪਣੇ ਸਲਾਨਾ ਟਰਨਓਵਰ ਅਨੁਸਾਰ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਬਿਨਾਂ ਲਾਇਸੈਂਸ ਕੰਮ ਕਰਨਾ ਕਾਨੂੰਨੀ ਅਪਰਾਧ ਹੈ। ਬਾਹਰੋਂ ਆਉਣ ਵਾਲੀਆਂ ਮਿਠਾਈਆਂ ਤੇ ਰੱਖੀ ਜਾ ਰਹੀ ਹੈ ਨਜ਼ਰ : ਫੂਡ ਸੇਫਟੀ ਵਿੰਗ ਵੱਲੋਂ ਦੱਸਿਆ ਗਿਆ ਕਿ ਰੱਖੜੀ ਦੇ ਤਿਉਹਾਰ ਦੌਰਾਨ ਬਾਹਰਲੇ ਸ਼ਹਿਰਾਂ ਜਾਂ ਹੋਰ ਇਲਾਕਿਆਂ ਤੋਂ ਬੱਸਾਂ, ਰੇਲਗੱਡੀਆਂ, ਟ੍ਰਾਂਸਪੋਰਟ ਜਾਂ ਨਿੱਜੀ ਵਾਹਨਾਂ ਰਾਹੀਂ ਆਉਣ ਵਾਲੀਆਂ ਮਿਠਾਈਆਂ ਦੀ ਸੁਰੱਖਿਆ ਤੇ ਗੁਣਵੱਤਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਕਿਸੇ ਵੀ ਦੁਕਾਨ ਵਿੱਚ ਵੇਚੇ ਜਾ ਰਹੇ ਖਾਧ ਪਦਾਰਥ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਸਬੰਧਤ ਫੂਡ ਬਿਜ਼ਨੈੱਸ ਆਪਰੇਟਰ ਦੀ ਹੋਵੇਗੀ। --ਸਿਹਤ ਨੂੰ ਪਹਿਲ ਦੇਣ ਦੀ ਅਪੀਲ : ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਨੇ ਅਪੀਲ ਕੀਤੀ ਕਿ ਵਿਕਣ ਵਾਲੀ ਹਰ ਮਿਠਾਈ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਹੈ, ਇਸ ਲਈ ਮੁਨਾਫ਼ੇ ਨਾਲੋਂ ਲੋਕਾਂ ਦੀ ਜਾਨ ਤੇ ਸਿਹਤ ਨੂੰ ਪਹਿਲ ਦਿੱਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਵੀ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।