ਫੂਡ ਸੇਫਟੀ ਵਿਭਾਗ ਪਿੰਡਾਂ ਦੀਆਂ ਵੱਡੀਆਂ ਦੁਕਾਨਾਂ ਵੀ ਜਾਂਚੇ : ਖਾਲਸਾ ਦੀਵਾਲੀ ਮੌਕੇ ਫੂਡ ਸੇਫਟੀ ਵਿਭਾਗ ਵੱਲੋਂ ਪਿੰਡਾਂ ਦੀਆਂ ਵੱਡੀਆਂ ਦੁਕਾਨਾਂ ਤੋਂ ਵੀ ਭਰੇ ਜਾਣ ਸੈਂਪਲ: ਚਰਨਜੀਤ ਸਿੰਘ ਖਾਲਸਾ
Publish Date: Sat, 31 Oct 2026 09:43 PM (IST)
Updated Date: Sat, 31 Oct 2026 09:44 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜਿੱਥੇ ਬਾਜ਼ਾਰਾਂ ਵਿੱਚ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਖਰੀਦਦਾਰੀ ਵਿੱਚ ਤੇਜ਼ੀ ਆ ਗਈ ਹੈ, ਉੱਥੇ ਹੀ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਹੋਣ ਦਾ ਖ਼ਦਸ਼ਾ ਵੀ ਵਧ ਜਾਂਦਾ ਹੈ। ਇਸ ਸਬੰਧੀ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀਆਂ ਵੱਡੀਆਂ ਦੁਕਾਨਾਂ ਤੋਂ ਵੀ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਣ। ਉਨ੍ਹਾਂ ਕਿਹਾ ਕਿ ਅਕਸਰ ਤਿਉਹਾਰਾਂ ਦੇ ਦਿਨਾਂ ਵਿੱਚ ਕੁਝ ਦੁਕਾਨਦਾਰ ਵਧੇਰੇ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਦੇ ਹਨ, ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਤੇ ਪੈਂਦਾ ਹੈ। ਖ਼ਾਸ ਕਰਕੇ ਮਠਿਆਈਆਂ, ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤਾਂ, ਪਨੀਰ, ਖੋਆ, ਘਿਓ ਤੇ ਹੋਰ ਖਾਣ-ਪੀਣ ਦੇ ਸਮਾਨ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ। ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਸਿਰਫ਼ ਸ਼ਹਿਰੀ ਬਾਜ਼ਾਰਾਂ ਤੱਕ ਹੀ ਜਾਂਚ ਸੀਮਤ ਨਾ ਰੱਖੀ ਜਾਵੇ, ਸਗੋਂ ਮਹੇੜੂ, ਚਹੇੜੂ , ਜਗਪਾਲਪੁਰ,ਸਪਰੋੜ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੱਲ ਰਹੀਆਂ ਵੱਡੀਆਂ ਦੁਕਾਨਾਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਵੀ ਨਿਯਮਤ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਨੂੰ ਅਪੀਲ ਕੀਤੀ ਕਿ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਤਿਉਹਾਰਾਂ ਦੀਆਂ ਖੁਸ਼ੀਆਂ ਮਨਾ ਸਕਣ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸ਼ੁੱਧ ਅਤੇ ਮਿਆਰੀ ਸਮਾਨ ਹੀ ਵੇਚਣ।