ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਜਲਦ ਹੋਵੇਗਾ ਸ਼ੁਰੂ ਨਰੇਨ ਵਸ਼ਿਸ਼ਟ ਦੀ ਪਹਿਲਕਦਮੀ ’ਤੇ ਡੀਸੀ ਵੱਲੋਂ ਭਰੋਸਾ, ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਨਗਰ ਨਿਗਮ ਵੱਲੋਂ ਜਲਦ ਹੋਵੇਗਾ ਸ਼ੁਰੂ
Publish Date: Tue, 03 Nov 2026 08:41 PM (IST)
Updated Date: Tue, 03 Nov 2026 08:44 PM (IST)
ਨਰੇਨ ਵਸ਼ਿਸ਼ਟ ਦੀ ਪਹਿਲਕਦਮੀ ’ਤੇ ਡੀਸੀ ਨੇ ਦਿੱਤਾ ਭਰੋਸਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਨਗਰ ਨਿਗਮ ਵਾਰਡ ਨੰਬਰ 17 ਅਧੀਨ ਆਉਂਦੇ ਪੰਜਾਬੀ ਬਾਗ ਦੀਆਂ ਖਸਤਾ ਹਾਲਤ ਵਾਲੀਆਂ ਸੜਕਾਂ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾਉਣ ਸਬੰਧੀ ਅੱਜ ਐੱਮਸੀ ਵਾਰਡ ਨੰਬਰ 17 ਨਰੇਨ ਵਸ਼ਿਸ਼ਟ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਨਰੇਨ ਵਸ਼ਿਸ਼ਟ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬੀ ਬਾਗ ਦੀਆਂ ਸੜਕਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਹਿਲਾਂ ਵੀ ਨਗਰ ਨਿਗਮ ਕਮਿਸ਼ਨਰ ਨੂੰ 27 ਅਕਤੂਬਰ ਨੂੰ ਲਿਖਤੀ ਬੇਨਤੀ ਪੱਤਰ ਦਿੱਤਾ ਗਿਆ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿਵਾਇਆ ਗਿਆ ਕਿ ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਨਗਰ ਨਿਗਮ ਵੱਲੋਂ ਜਲਦ ਹੀ ਸ਼ੁਰੂ ਕਰਵਾਇਆ ਜਾਵੇਗਾ ਤੇ ਇਲਾਕਾ ਨਿਵਾਸੀਆਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਨਰੇਨ ਵਸ਼ਿਸ਼ਟ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਤੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨਾਲ ਜੁੜੇ ਕੰਮਾਂ ਨੂੰ ਕਿਸੇ ਵੀ ਤਰ੍ਹਾਂ ਰਾਜਨੀਤੀ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਣਾ ਚਾਹੀਦਾ। ਵਿਕਾਸ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਹਿੱਤ ਵਿੱਚ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਆਮ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਹੂਲਤਾਂ ਮਿਲ ਸਕਣ। ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਦੀਪਕ ਸਲਵਾਨ, ਐੱਮਸੀ ਕੁਲਦੀਪ ਸਿੰਘ, ਜਤਿੰਦਰਪਾਲ ਸਿੰਘ ਵਾਲੀਆ (ਪ੍ਰਧਾਨ, ਪੰਜਾਬੀ ਬਾਗ ਸੋਸਾਇਟੀ), ਕੇਵਲ ਕ੍ਰਿਸ਼ਨ ਅਰੋੜਾ, ਸੁਦੀਰ ਪਾਟੀਆ ਤੇ ਰਜਨੀਸ਼ ਚੌਧਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।