ਭਗਵਾਨ ਕ੍ਰਿਸ਼ਨ ਦੇ ਸਿਧਾਂਤਾਂ ਦੀ ਪਾਲਣਾ ਕਰੋ : ਨਰੇਸ਼ ਪੰਡਿਤ ਭਗਵਾਨ ਕ੍ਰਿਸ਼ਨ ਦੇ ਸਿਧਾਂਤਾਂ ਦੀ ਪਾਲਣਾ ਕਰੋ : ਨਰੇਸ਼ ਪੰਡਿਤ
Publish Date: Fri, 04 Sep 2026 07:28 PM (IST)
Updated Date: Fri, 04 Sep 2026 07:31 PM (IST)
--ਸਮਾਜ ਤੇ ਰਾਸ਼ਟਰ ਦਾ ਕਲਿਆਣ ਧਰਮ ਦੇ ਮਾਰਗ ’ਤੇ ਚੱਲ ਕੇ ਹੀ ਸੰਭਵ : ਤਲਵਾੜ/ਬਾਵਾ/ਆਨੰਦ --ਵੀਐੱਚਪੀ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਸਤਿਨਾਰਾਇਣ ਮੰਦਰ ਕਮੇਟੀ ਵੱਲੋਂ ਸ਼ੁੱਕਰਵਾਰ ਸਵੇਰੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸਵੇਰੇ ਕੱਢੀ ਗਈ ਪ੍ਰਭਾਤ ਫੇਰੀ ਵਿੱਚ ਸੈਂਕੜੇ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਜਨਮ ਅਸ਼ਟਮੀ ਦੇ ਤਿਉਹਾਰ ਦੇ ਸਬੰਧ ਵਿੱਚ ਇਹ ਪ੍ਰਭਾਤ ਫੇਰੀ ਸਵੇਰੇ 6 ਵਜੇ ਸਤਿਨਾਰਾਇਣ ਮੰਦਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ, ਸਦਰ ਬਾਜ਼ਾਰ, ਮੱਛੀ ਚੌਕ, ਜਲੌਖਾਨਾ ਚੌਕ ਤੇ ਸ਼ਾਲੀਮਾਰ ਬਾਗ ਤੋਂ ਹੁੰਦੇ ਹੋਏ ਸ਼ਹਿਰ ਵਾਲੀ ਗਊਸ਼ਾਲਾ ਵਿਖੇ ਪਹੁੰਚੀ, ਜਿੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਮਾਤਰ ਸ਼ਕਤੀ ਵੱਲੋਂ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਸਤਿਨਾਰਾਇਣ ਮੰਦਰ ਕਮੇਟੀ ਦੇ ਮੈਂਬਰ ਹਰ ਧਾਰਮਿਕ ਸਮਾਗਮ ਤੇ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ, ਉਹ ਮਿਸਾਲੀ ਹੈ। ਸਾਡੇ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਹਨ ਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਪੰਡਿਤ ਨੇ ਕਿਹਾ ਕਿ ਜਨਮ ਅਸ਼ਟਮੀ ਤੇ ਅਸੀਂ ਭਗਵਾਨ ਕ੍ਰਿਸ਼ਨ ਨੂੰ ਯਾਦ ਕਰਦੇ ਹਾਂ ਭੱਜ ਕੀਰਤਨ ਕਰਦੇ ਹਾਂ। ਅਸੀਂ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ ਪਰ ਅਸੀਂ ਸ਼੍ਰੀ ਕ੍ਰਿਸ਼ਨ ਦੇ ਸਿਧਾਂਤਾਂ ਤੋਂ ਸਿੱਖਣ ਵਿੱਚ ਅਸਫਲ ਰਹਿੰਦੇ ਹਾਂ। ਇਸ ਵੇਲੇ, ਸ਼੍ਰੀ ਕ੍ਰਿਸ਼ਨ ਦੇ ਸਿਧਾਂਤਾਂ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਇੱਕੋ ਸਮੇਂ ਕਈ ਕਾਰਜ ਕਰਦੇ ਹਨ, ਤਾਂ ਇਸਨੂੰ ਲੀਲਾ ਕਿਹਾ ਜਾਂਦਾ ਹੈ। ਭਗਵਾਨ ਦੁਆਰਾ ਕੀਤੀ ਗਈ ਹਰ ਲੀਲਾ ਵਿੱਚ ਅਧਿਆਤਮਿਕ ਭੇਦ ਛੁਪੇ ਹੁੰਦੇ ਹਨ, ਪਰ ਉਹ ਸਮੇਂ ਦੇ ਅਥਾਹ ਕੁੰਡ ਵਿੱਚ ਧੁੰਦਲੇ ਹੋ ਜਾਂਦੇ ਹਨ। ਸਮੇਂ-ਸਮੇਂ ’ਤੇ ਸੰਤ ਤੇ ਮਹਾਂਪੁਰਖ ਇਨ੍ਹਾਂ ਭੇਦਾਂ ਨੂੰ ਪ੍ਰਗਟ ਕਰਦੇ ਹਨ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ, ਵਿਕਾਸ ਜੈਨ, ਸਿਆਲ, ਮਦਨ ਲਾਲ, ਡਾ.ਪ੍ਰਦੀਪ ਠਾਕੁਰ, ਮਾਤ੍ਰੀ ਸ਼ਕਤੀ ਦੇ ਜ਼ਿਲ੍ਹਾ ਪ੍ਰਧਾਨ ਸੀਮਾ ਜੋਸ਼ੀ ਆਦਿ ਮੌਜੂਦ ਸਨ।