ਹਜ਼ਾਰਾਂ ਸਿੰਘਾਂ ਦੇ ਸੈਲਾਬ ਨੇ ਹਿਲਾਇਆ ਚੰਡੀਗੜ੍ਹ : ਭੰਡਾਲ ਹਜ਼ਾਰਾਂ ਸਿੰਘਾਂ ਦੇ ਸੈਲਾਬ ਨੇ ਹਿਲਾਇਆ ਚੰਡੀਗੜ੍ਹ - ਭੰਡਾਲ
Publish Date: Thu, 30 Jul 2026 09:53 PM (IST)
Updated Date: Thu, 30 Jul 2026 09:55 PM (IST)
ਪਾਣੀ ਦੀਆਂ ਬੁਛਾੜਾਂ ਤੇ ਲਾਠੀਆਂ ਵੀ ਨਾ ਰੋਕ ਸਕੀਆਂ ਲੋਕਾਂ ਦੀ ਲਹਿਰ ਬੰਦੀ ਸਿੰਘਾਂ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮੁੱਖ ਮੰਤਰੀ ਰਿਹਾਇਸ਼ ਵੱਲ ਕੀਤਾ ਕੂਚ ਕੁਲਵਿੰਦਰ ਸਿੰਘ, ਪੰਜਾਬੀ ਜਾਗਰਣ ਫੱਤੂਢੀਗਾ : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਦੀ ਅਗਵਾਈ ਹੇਠ ਵੱਡਾ ਜਥਾ ਗੁਰਦੁਆਰਾ ਅੰਬ ਸਾਹਿਬ, ਮੁਹਾਲੀ ਵਿਖੇ ਪਹੁੰਚਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਪਾਰਟੀ ਵਰਕਰਾਂ ਅਤੇ ਸੰਗਤਾਂ ਨੇ ਮੁੱਖ ਮੰਤਰੀ ਰਿਹਾਇਸ਼ ਵੱਲ ਵਿਸ਼ਾਲ ਰੋਸ ਮਾਰਚ ਸ਼ੁਰੂ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਟਕਾ ਚੌਕ ਵਿਖੇ ਭਾਰੀ ਬੈਰੀਕੇਡਿੰਗ, ਕੰਡਿਆਲੀਆਂ ਤਾਰਾਂ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਕੇ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਦਰਸ਼ਨਕਾਰੀਆਂ ’ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ, ਜਿਸ ਕਾਰਨ ਕਈ ਨੌਜਵਾਨ ਜ਼ਖ਼ਮੀ ਹੋਏ ਅਤੇ ਅਨੇਕਾਂ ਸਿੱਖਾਂ ਦੀਆਂ ਪੱਗਾਂ ਲੱਥੀਆਂ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦਾ ਹੌਸਲਾ ਨਹੀਂ ਡਿਗਿਆ ਅਤੇ ਲੋਕਾਂ ਦਾ ਰੋਹ ਪ੍ਰਸ਼ਾਸਨ ਦੀਆਂ ਰੁਕਾਵਟਾਂ ’ਤੇ ਭਾਰੀ ਪੈ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਸੰਗਤਾਂ ਨੇ ਬੈਰੀਕੇਡ ਤੋੜਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਜਾਰੀ ਰੱਖਿਆ। ਰੋਸ ਮਾਰਚ ਦੌਰਾਨ ਥਾਂ-ਥਾਂ ’ਤੇ ਪੁਲਿਸ ਵੱਲੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਨੌਜਵਾਨਾਂ ਦੇ ਜਜ਼ਬੇ ਅੱਗੇ ਸਾਰੇ ਪ੍ਰਬੰਧ ਨਾਕਾਮ ਦਿਖਾਈ ਦਿੱਤੇ। ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕਰੀਬ 500 ਮੀਟਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਨੇ ਪਾਰਟੀ ਹਾਈ ਕਮਾਨ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ’ਤੇ ਲਗਾਤਾਰ ਟਾਲਮਟੋਲ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅਤੇ ਪੁਲਿਸੀ ਦਮਨ ਨਾਲ ਸਿੱਖ ਕੌਮ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜੇਕਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਾ ਕੀਤਾ ਅਤੇ ਮੰਗਾਂ ਨੂੰ ਤੁਰੰਤ ਸਵੀਕਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਰਿਹਾਈ ਤੋਂ ਬਾਅਦ ਪਾਰਟੀ ਹਾਈ ਕਮਾਨ ਨੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਰੋਸ ਮਾਰਚ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਮੌਕੇ ਬਾਈ ਨਛੱਤਰ ਸਿੰਘ ਸੇਵਾਦਾਰ ਹਲਕਾ ਭੁਲੱਥ, ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਜ਼ਿਲ੍ਹਾ ਯੂਥ ਪ੍ਰਧਾਨ ਪਰਮਿੰਦਰ ਸਿੰਘ, ਹਲਕਾ ਯੂਥ ਪ੍ਰਧਾਨ ਅਮਨਦੀਪ ਸਿੰਘ ਬੱਲ, ਮੀਤ ਪ੍ਰਧਾਨ ਸੁਖਦੇਵ ਸਿੰਘ ਖੀਰਾਂਵਾਲੀ, ਸੰਗਠਨ ਸਕੱਤਰ ਗੁਰਚਰਨ ਸਿੰਘ ਰੱਤੜਾ, ਕੈਪਟਨ ਲਖਵਿੰਦਰ ਸਿੰਘ, ਕਮਲਜੀਤ ਸਿੰਘ ਮਠਾੜੂ, ਸੁਖਦੇਵ ਸਿੰਘ ਨਾਰੰਗਪੁਰ, ਪ੍ਰੇਮ ਸਿੰਘ ਖਾਲਸਾ, ਮੰਨਾਂ ਚਾਹਲ, ਬਾਬਾ ਮਲਕੀਤ ਸਿੰਘ, ਰਣਜੀਤ ਸਿੰਘ ਕਪੂਰਥਲਾ, ਹਰਵਿੰਦਰ ਸਿੰਘ ਬਤਾਲਾ, ਮੱਖਣ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।