ਡਰੱਗ ਕੰਟਰੋਲ ਟੀਮ ਨੇ ਪੰਜ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰੱਗ ਕੰਟਰੋਲ ਟੀਮ ਵੱਲੋਂ ਪੰਜ ਮੈਡੀਕਲ ਸਟੋਰਾਂ ਦੀ ਜਾਂਚ
Publish Date: Tue, 03 Nov 2026 08:14 PM (IST)
Updated Date: Tue, 03 Nov 2026 08:17 PM (IST)
--ਗੈਰ-ਅਧਿਕਾਰਤ ਕਲੀਨਿਕ ਚਲਾਉਣ ਵਾਲੇ ਖ਼ਿਲਾਫ਼ ਐੱਫਆਈਆਰ ਦਰਜ, ਗ੍ਰਿਫ਼ਤਾਰ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਿਹਤ ਵਿਭਾਗ ਦੇ ਡਰੱਗ ਕੰਟਰੋਲ ਵਿੰਗ, ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਸੁਲਤਾਨਪੁਰ ਲੋਧੀ ਤੇ ਪਿੰਡ ਡਡਵਿੰਡੀ ਦੇ ਇਲਾਕਿਆਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਟੀਮ ਵਿੱਚ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ, ਏਸੀਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ, ਡਰੱਗ ਕੰਟਰੋਲ ਅਫ਼ਸਰ ਅਨੁਪਮਾ ਕਾਲੀਆ, ਐੱਸਐੱਚਓ ਸੁਲਤਾਨਪੁਰ ਲੋਧੀ ਦਵਿੰਦਰ ਪਾਲ ਤੇ ਐੱਸਐੱਮਓ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਡਾ. ਆਸ਼ੀਸ਼ ਜੇਤਲੀ ਸ਼ਾਮਲ ਸਨ। ਟੀਮ ਵੱਲੋਂ ਇਲਾਕੇ ਦੇ ਪੰਜ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ ਤਾਂ ਜੋ ਦਵਾਈਆਂ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ ਤੇ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਿਆ ਜਾ ਸਕੇ। ਜਾਂਚ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ। ਇਸ ਉਪਰੰਤ ਸਾਂਝੀ ਟੀਮ ਵੱਲੋਂ ਪਿੰਡ ਡਡਵਿੰਡੀ ਸਥਿਤ ਗੌਤਮ ਗਿੱਲ ਕਲੀਨਿਕ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਲੀਨਿਕ ਦੇ ਸੰਚਾਲਕ ਸਰਬਜੀਤ ਗਿੱਲ ਵੱਲੋਂ ਐਲੋਪੈਥਿਕ ਪ੍ਰਣਾਲੀ ਤਹਿਤ ਇਲਾਜ ਕਰਨ ਸਬੰਧੀ ਕੋਈ ਵੀ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ ਪੇਸ਼ ਨਹੀਂ ਕੀਤਾ ਜਾ ਸਕਿਆ। ਇਸ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਉਸ ਖ਼ਿਲਾਫ਼ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ, 2019 ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਤੇ ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਐੱਸਡੀਐੱਮ ਜਸਜੀਤ ਸਿੰਘ, ਏਐੱਸਪੀ ਧੀਰੇਂਦਰ ਵਰਮਾ ਤੇ ਡਰੱਗ ਕੰਟਰੋਲ ਅਫ਼ਸਰ ਅਨੁਪਮਾ ਕਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੈਡੀਕਲ ਸੇਵਾਵਾਂ ਕੇਵਲ ਯੋਗਤਾ ਪ੍ਰਾਪਤ ਤੇ ਅਧਿਕਾਰਤ ਪ੍ਰੈਕਟੀਸ਼ਨਰਾਂ ਵੱਲੋਂ ਹੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਵਿਰੁੱਧ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਤੇ ਗੈਰ-ਅਧਿਕਾਰਤ ਮੈਡੀਕਲ ਪ੍ਰੈਕਟਿਸ ਨੂੰ ਰੋਕਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਜਿਹੀਆਂ ਸਾਂਝੀਆਂ ਜਾਂਚ ਤੇ ਇਨਫੋਰਸਮੈਂਟ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।