ਕਪੂਰਥਲਾ ਜ਼ਿਲ੍ਹੇ ਦੇ ਪੰਜ ਬਲਾਕਾਂ ’ਚ ਹੋਵੇਗੀ ਟੈਨਿਸ ਬਾਲ ਕ੍ਰਿਕਟ ਕਪੂਰਥਲਾ ਜ਼ਿਲ੍ਹੇ ਦੇ ਪੰਜ ਬਲਾਕ 16-17 ਸਤੰਬਰ ਨੂੰ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਦੀ ਮੇਜ਼ਬਾਨੀ ਕਰਨਗੇ
Publish Date: Thu, 10 Sep 2026 10:08 PM (IST)
Updated Date: Thu, 10 Sep 2026 10:10 PM (IST)
--ਖੇਡਾਂ ਵਤਨ ਪੰਜਾਬ ਦੀਆਂ --14 ਸਾਲ ਤੇ ਇਸ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈਣ ਲਈ ਯੋਗ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਵਿਭਾਗ ਨੇ ਪੰਜਾਬ ਬਲਾਕ ਪੱਧਰੀ ਖੇਡ ਮੁਕਾਬਲੇ-2026 ਦੇ ਹਿੱਸੇ ਵਜੋਂ ਰਾਜ ਵਿੱਚ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਨੌਜਵਾਨ ਖੇਡ ਪ੍ਰਤਿਭਾਵਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਹੋਰ ਮੰਚ ਮਿਲਿਆ ਹੈ। ਕਪੂਰਥਲਾ ਜ਼ਿਲ੍ਹੇ ਵਿੱਚ ਟੈਨਿਸ ਬਾਲ ਕ੍ਰਿਕਟ ਮੁਕਾਬਲੇ 16 ਤੇ 17 ਸਤੰਬਰ ਨੂੰ ਵੱਖ-ਵੱਖ ਥਾਵਾਂ ਤੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੰਜ ਬਲਾਕਾਂ ਵਿੱਚ ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰ ਤੇ ਇਹ ਮੁਕਾਬਲੇ 14 ਸਾਲ ਤੇ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਤੇ ਔਰਤਾਂ ਲਈ ਖੁੱਲ੍ਹੇ ਹੋਣਗੇ। ਟੈਨਿਸ ਬਾਲ ਕ੍ਰਿਕਟ ਮੁਕਾਬਲੇ ਕਪੂਰਥਲਾ ਬਲਾਕ ਵਿੱਚ 16-17 ਸਤੰਬਰ ਨੂੰ ਸਕੂਲ ਆਫ਼ ਐਮੀਨੈਂਸ, ਕਪੂਰਥਲਾ ਵਿਖੇ, ਫਗਵਾੜਾ ਬਲਾਕ ਵਿੱਚ 16-17 ਸਤੰਬਰ ਨੂੰ ਖੇਡ ਮੈਦਾਨ, ਪਿੰਡ ਰਾਮਪੁਰ ਸੁੰਰਾਹ (ਫਗਵਾੜਾ) ਵਿਖੇ, ਸੁਲਤਾਨਪੁਰ ਲੋਧੀ ਬਲਾਕ ਵਿੱਚ 16-17 ਸਤੰਬਰ ਨੂੰ ਅਕਾਲ ਅਕੈਡਮੀ ਸਕੂਲ, ਸੁਲਤਾਨਪੁਰ ਲੋਧੀ ਵਿਖੇ, ਨਡਾਲਾ ਬਲਾਕ ਵਿੱਚ 16-17 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਾਸਣ ਵਿਖੇ ਤੇ ਢਿਲਵਾਂ ਬਲਾਕ ਵਿੱਚ 16-17 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਢਿਲਵਾਂ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਬੰਧਤ ਬਲਾਕਾਂ ਦੇ ਸਕੂਲਾਂ, ਕਾਲਜਾਂ ਤੇ ਪਿੰਡਾਂ ਦੀਆਂ ਟੀਮਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ ਹੈ। ਬਲਾਕ ਪੱਧਰ ਤੇ ਸਬੰਧਤ ਗ੍ਰਾਮ ਪੰਚਾਇਤ ਦੁਆਰਾ ਰਜਿਸਟਰਡ ਪਿੰਡ ਦੀ ਸਿਰਫ਼ ਇੱਕ ਹੀ ਟੀਮ ਨੂੰ ਭਾਗ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਯਮਾਂ ਅਨੁਸਾਰ, ਭਾਗੀਦਾਰਾਂ ਦਾ ਪੰਜਾਬ ਦਾ ਪੱਕਾ ਨਿਵਾਸੀ ਹੋਣਾ ਲਾਜ਼ਮੀ ਹੈ, ਜਦੋਂ ਕਿ ਚੰਡੀਗੜ੍ਹ ਵਿੱਚ ਰਹਿ ਰਹੇ ਪੰਜਾਬ ਸਰਕਾਰ ਦੇ ਕਰਮਚਾਰੀ ਤੇ ਉਨ੍ਹਾਂ ਦੇ ਬੱਚੇ ਵੀ ਯੋਗ ਹਨ। ਕਿਸੇ ਹੋਰ ਜ਼ਿਲ੍ਹੇ ਵਿੱਚ ਪੜ੍ਹ ਰਹੇ ਜਾਂ ਕੰਮ ਕਰ ਰਹੇ ਖਿਡਾਰੀ ਇੱਕ ਜਾਇਜ਼ਸੰਸਥਾਗਤ ਆਈਡੀ ਦਿਖਾ ਕੇ ਉਸ ਜ਼ਿਲ੍ਹੇ ਤੋਂ ਭਾਗ ਲੈ ਸਕਦੇ ਹਨ। ਹਰੇਕ ਟੀਮ ਵਿੱਚ 11 ਖੇਡਣ ਵਾਲੇ ਮੈਂਬਰਾਂ ਸਮੇਤ 16 ਖਿਡਾਰੀ ਹੋ ਸਕਦੇ ਹਨ ਤੇ ਕੋਚ ਦੀ ਮੌਜੂਦਗੀ ਲਾਜ਼ਮੀ ਹੈ। ਮੈਚ ਛੇ ਓਵਰਾਂ ਦੇ ਹੋਣਗੇ ਤੇ ਅੰਕ ਪ੍ਰਣਾਲੀ ਦੇ ਆਧਾਰ ਤੇ ਖੇਡੇ ਜਾਣਗੇ, ਜਿਸ ਵਿੱਚੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜ਼ਿਲ੍ਹਾ ਪੱਧਰੀ ਚੋਣ ਲਈ ਵਿਚਾਰਿਆ ਜਾਵੇਗਾ। ਘੱਟੋ-ਘੱਟ ਉਮਰ 14 ਸਾਲ (1 ਜਨਵਰੀ 2012 ਨੂੰ ਜਾਂ ਉਸ ਤੋਂ ਪਹਿਲਾਂ ਜਨਮੇ) ਹੈ, ਤੇ ਐੱਲਬੀਡਬਲਿਊ ਦਾ ਨਿਯਮ ਲਾਗੂ ਨਹੀਂ ਹੋਵੇਗਾ। ਕੋਈ ਟੀਏ/ਡੀਏ ਨਹੀਂ ਦਿੱਤਾ ਜਾਵੇਗਾ।