ਬੰਗਲਾਦੇਸ਼ ਰੇਲਵੇ ਲਈ ਰੇਲ ਡਿੱਬਿਆਂ ਦਾ ਪਹਿਲਾ ਰੈਕ ਤਿਆਰ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਬੰਗਲਾਦੇਸ਼ ਰੇਲਵੇ ਲਈ ਐਲ ਐਚ ਬੀ ਰੇਲ ਡਿੱਬਿਆਂ ਦਾ ਪਹਿਲਾ ਰੇਕ ਤਿਆਰ
Publish Date: Tue, 11 Aug 2026 08:38 PM (IST)
Updated Date: Tue, 11 Aug 2026 08:41 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ 12 ਅਗਸਤ 2026 ਨੂੰ ਬੰਗਲਾਦੇਸ਼ ਰੇਲਵੇ ਲਈ 19 ਐੱਲਐੱਚਬੀ ਰੇਲ ਡਿੱਬਿਆਂ ਦੇ ਪਹਿਲਾ ਰੈਕ ਦੇ ਰੋਲ-ਆਊਟ ਦੇ ਨਾਲ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਜਾ ਰਹੀ ਹੈ। ਇਸ ਰੈਕ ਵਿੱਚ 3 ਏਸੀ ਸਲੀਪਰ ਕਾਰ, 3 ਏਸੀ ਚੇਅਰਕਾਰ, 11 ਨਾਨ-ਏਸੀ ਚੇਅਰ ਕਾਰ ਤੇ 2 ਪਾਵਰ ਕਾਰ ਸ਼ਾਮਲ ਹਨ। ਇਨ੍ਹਾਂ ਕੋਚਾਂ ਵਿੱਚ ਕਈ ਡਿਜ਼ਾਈਨ ਵਿਸ਼ੇਸ਼ਤਾਵਾਂ ਤੇ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕਈ ਐੱਲਐੱਚਬੀ ਕਿਸਮ ਦੇ ਕੋਚਾਂ ਵਿੱਚ ਪਹਿਲੀ ਵਾਰ ਵਿਕਸਤ ਕੀਤੀਆਂ ਗਈਆਂ ਹਨ। ਉਕਤ ਜਾਣਕਾਰੀ ਦਿੰਦੇ ਹੋਏ ਅਮਨ ਕੁਮਾਰ, ਸੀਪੀਆਰਓ, ਆਰਸੀਐੱਫ ਕਪੂਰਥਲਾ ਨੇ ਦੱਸਿਆ ਕਿ ਇਨ੍ਹਾਂ ਕੋਚਾਂ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਤੇ ਯਾਤਰੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ ’ਤੇ ਢਾਲਿਆ ਗਿਆ ਹੈ। ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੀਆਂ ਰਿਕਲਾਈਨਿੰਗ ਚੇਅਰਾਂ, ਸਟੇਨਲੈੱਸ ਸਟੀਲ ਆਰਮਰੇਸਟ ਤੇ ਸਟੇਨਲੈੱਸ ਸਟੀਲ ਫੁੱਟਰੇਸਟ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਸੀਟਾਂ ਨੂੰ ਕਈ ਪੋਜ਼ੀਸ਼ਨਾਂ ਵਿੱਚ ਰਿਕਲਾਈਨ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਕੋਚਾਂ ਵਿੱਚ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਏਸੀ ਕੋਚਾਂ ਵਿੱਚ ਪੱਖੇ, ਇੰਟੀਗ੍ਰੇਟਿਡ ਸੀਸੀਟੀਵੀ ਸਰਵਿਲਾਂਸ ਸਿਸਟਮ, ਪੈਸੇਂਜਰ ਅਲਾਰਮ ਸਿਸਟਮ, ਅੰਸ਼ਿਕ ਤੌਰ ’ਤੇ ਖੁੱਲ੍ਹਣ ਵਾਲੀਆਂ ਖਿੜਕੀਆਂ, ਬੇਬੀ ਕੇਅਰ ਰੂਮ ਤੇ ਪ੍ਰਾਰਥਨਾ ਕਮਰਾ ਸ਼ਾਮਲ ਹਨ। ਵਿਸ਼ੇਸ਼ ਸੰਚਾਲਨ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਚਾਂ ਦੀ ਛੱਤ ਦੀ ਬਣਤਰ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਵੱਧ ਆਵਾਜਾਈ ਵਾਲੇ ਸਮੇਂ ਦੌਰਾਨ ਛੱਤ ’ਤੇ ਯਾਤਰੀਆਂ ਦੇ ਵਾਧੂ ਭਾਰ ਨੂੰ ਸਹਿਣ ਕੀਤਾ ਜਾ ਸਕੇ। ਇਨ੍ਹਾਂ ਕੋਚਾਂ ਦੀ ਇੱਕ ਪ੍ਰਮੁੱਖ ਤਕਨੀਕੀ ਵਿਸ਼ੇਸ਼ਤਾ ਯੂਰਪੀ ਮਿਆਰ ਈਐੱਨ15227 ਦੇ ਅਨੁਕੂਲ ਕ੍ਰੈਸ਼ਵਰਥੀ ਡਿਜ਼ਾਇਨ ਪ੍ਰੋਵਿਜ਼ਨ ਨੂੰ ਸ਼ਾਮਲ ਕਰਨਾ ਹੈ। ਇਸ ਲਈ ਕਾਰ ਬਾਡੀ ਸ਼ੈੱਲ ਨੂੰ ਵਿਆਪਕ ਤੌਰ ’ਤੇ ਮੁੜ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਟੱਕਰ ਦੀ ਸਥਿਤੀ ਵਿੱਚ ਬਿਹਤਰ ਪ੍ਰਦਰਸ਼ਨ ਅ=ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਕੋਚਾਂ ਦੀ ਇਲੈਕਟ੍ਰਿਕਲ ਪ੍ਰਣਾਲੀ ਨੂੰ ਵੀ ਵਿਸ਼ੇਸ਼ ਤੌਰ ’ਤੇ 415 ਵੀ ਓਪਰੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਦਕਿ ਭਾਰਤੀ ਰੇਲਵੇ ਦੇ ਕੋਚਾਂ ਵਿੱਚ ਆਮ ਤੌਰ ’ਤੇ 750 ਵੀ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਆਰਸੀਐੱਫ ਤੇ ਬੰਗਲਾਦੇਸ਼ ਰੇਲਵੇ ਵਿਚਕਾਰ ਸਹਿਯੋਗ ਦੀ ਸ਼ੁਰੂਆਤ 2015-16 ਦੌਰਾਨ 120 ਐੱਲਐੱਚਬੀ ਬ੍ਰਾਡ ਗੇਜ ਯਾਤਰੀ ਕੋਚਾਂ ਦੀ ਸਫਲ ਸਪਲਾਈ ਨਾਲ ਹੋਈ ਸੀ। ਇਸ ਸਫਲ ਸਾਂਝੇਦਾਰੀ ਨੂੰ ਅੱਗੇ ਵਧਾਉਂਦਿਆਂ, ਬੰਗਲਾਦੇਸ਼ ਰੇਲਵੇ ਨੇ ਸਾਲ 2024 ਵਿੱਚ ਮੁੜ ਰਾਈਟਸ ਰਾਹੀਂ ਆਰਸੀਐੱਪ ਨੂੰ ਸੱਤ ਵੱਖ-ਵੱਖ ਕਿਸਮਾਂ ਦੇ 200 ਬ੍ਰਾਡ ਗੇਜ ਯਾਤਰੀ ਕੋਚਾਂ ਦੇ ਨਿਰਮਾਣ ਤੇ ਸਪਲਾਈ ਦਾ ਮਹੱਤਵਪੂਰਨ ਆਰਡਰ ਦਿੱਤਾ।