ਅਕਾਲ ਪੁਰਖ ਸਰਕਾਰਾਂ ਨੂੰ ਸੁਮੱਤ ਬਖ਼ਸ਼ੇ : ਸੰਤ ਸੀਚੇਵਾਲ ਪਹਿਲਾਂ ਪਾਣੀ ਗੰਦੇ ਕਰੋ ਫਿਰ ਹਸਪਤਾਲ ਖੋਹਲੋ ਤੇ ਫਿਰ ਮੁਫ਼ਤ ਇਲਾਜ਼ ਕਰੋ
Publish Date: Sat, 21 Nov 2026 08:38 PM (IST)
Updated Date: Sat, 21 Nov 2026 09:34 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਪੰਜਾਬੀਆਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਦਿਆ ਸਰਕਾਰਾਂ ਦੇ ਸਿਸਟਮ ‘ਤੇ ਤਿੱਖੀ ਟਿੱਪਣੀ ਕੀਤੀ। ਸੰਤ ਸੀਚੇਵਾਲ ਨੇ ਸਰਕਾਰੀ ਸਿਸਟਮ ‘ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਲੋਕਾਂ ਨੂੰ ਜ਼ਹਿਰਾਂ ਖੁਆਕੇ, ਲੋਕਾਂ ਨੂੰ ਗੰਦੇ ਪਾਣੀ ਪਿਲਾ ਕੇ, ਕੀ ਤੁਸੀਂ ਲੋਕਾਂ ਦੀ ਸੇਵਾ ਕਰ ਲਵੋਗੇ। ਲੋਕਾਂ ਨੂੰ ਪਹਿਲਾਂ ਰੋਗੀ ਬਣਾਓ, ਫਿਰ ਹਸਪਤਾਲ ਖੋਲੋ ਤੇ ਫਿਰ ਉਨ੍ਹਾਂ ਦਾ ਇਲਾਜ ਮੁਫ਼ਤ ਕਰੋ। ਉਨ੍ਹਾਂ ਪੰਜਾਬੀਆਂ ਨੂੰ ਕਿਹਾ,‘ ਭਲੇ ਲੋਕੋ ਪਾਣੀ ਬਚਾਅ ਲਓ’। ਸੰਤ ਸੀਚੇਵਾਲ ਨੇ ਕਿਹਾ ਜਿਹੜਾ ਪੈਸਾ ਹਸਪਤਾਲਾਂ ‘ਤੇ ਲਗਾਉਂਦੇ ਹੋ, ਉਹ ਪਾਣੀਆਂ ਦੇ ਪ੍ਰਬੰਧ ‘ਤੇ ਲਾ ਲਓ। ਲੱਗੇ ਹੋਏ ਪੈਸੇ ਸਚਾਰੂ ਕਰ ਲਵੋ। ਸੰਤ ਸੀਚੇਵਾਲ ਨੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦਿਆ ਕਿਹਾ ਕਿ ਸਾਡੇ ਹੱਥ ਵੱਸ ਕੁਝ ਨਹੀਂ। ਸਰਕਾਰਾਂ ਨੂੰ ਸੁਮੱਤ ਬਖ਼ਸ਼ੋ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਮੰਤਰੀ-ਸੰਤਰੀ ਆਉਂਦੇ ਰਹਿੰਦੇ ਹਨ, ਮੰਤਰੀ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ-ਲਿਖਿਆ ਵੀ ਹੋ ਸਕਦਾ ਪਰ ਜਿਹੜਾ ਸਾਡਾ ਸਿਸਟਮ ਹੈ ਇਹ ਬਹੁਤ ਪੜ੍ਹਿਆ-ਲਿਖਿਆ ਹੁੰਦਾ ਹੈ, ਜਿਸ ਨੇ ਸਰਕਾਰਾਂ ਨੂੰ ਰਸਤਾ ਦੱਸਣ ਹੁੰਦਾ ਹੈ, ਜੋ ਪਬਲਿਕ ਦੇ ਹਿੱਤ ਵਿੱਚ ਹੈ। ਉਹ ਚੁੱਪ ਕਰ ਜਾਂਦੇ ਹਨ,ਜਿਹੜੇ ਗਲਤ ਫੈਸਲੇ ਲਏ ਹਨ, ਉਸ ਦਾ ਖਾਮਿਆਜ਼ਾ ਅੱਜ ਲੋਕ ਭੁਗਤ ਰਹੇ ਹਨ। ਜਿਹੜੀਆਂ ਜ਼ਹਿਰਾਂ ਅਸੀਂ ਖੇਤਾਂ ਵਿੱਚ ਪਾ ਦਿੱਤੀਆਂ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦਾ ਸੰਦ ਨਹੀਂ ਬਣਿਆ ਤੇ ਜਿਹੜੀਆਂ ਜ਼ਹਿਰਾਂ ਪਾਣੀਆਂ ਵਿੱਚ ਘੋਲ ਦਿੱਤੀਆਂ ਹਨ, ਉਸ ਨੂੰ ਵੱਖ ਕਰਨ ਦੀ ਕੋਈ ਤਕਨੀਕ ਨਹੀਂ ਆਈ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਤਾਂ ਅਕਾਲ-ਪੁਰਖ ਅੱਗੇ ਅਰਦਾਸ ਹੀ ਕਰ ਸਕਦੇ ਹਨ ਕਿ ਸਿਸਟਮ ਨੂੰ ਰਾਹੇ ਪਾਉਣ ਤੇ ਲੋਕਾਈ ਨੂੰ ਸੋਜੀ ਬਖਸ਼ੋ।