- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ : ਚੇਅਰਮੈਨ ਲੁਬਾਣਾ

---ਆਪ ਸਰਕਾਰ ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਯੂਰਪ ਤੋਂ ਕਿਸੇ ਗੈਂਗਸਟਰ ਦੀ ਇਹ ਪਹਿਲੀ ਹਵਾਲਗੀ ਭਗਵੰਤ ਸਿੰਘ ਮਾਨ ਸਰਕਾਰ ਦੇ ਗੈਂਗਸਟਰਵਾਦ ਵਿਰੁੱਧ ਸਖ਼ਤ ਸਟੈਂਡ ਦੀ ਗਵਾਹੀ ਭਰਦੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਗੈਂਗਸਟਰਵਾਦ ਨੂੰ ਇਸ ਹੱਦ ਤੱਕ ਪ੍ਰਫੁੱਲਤ ਹੋਣ ਦਿੱਤਾ ਕਿ 2021 ਦੇ ਬਜਟ ਸੈਸ਼ਨ ਦੌਰਾਨ ਆਗੂ ਖੁੱਲ੍ਹੇਆਮ ਇਸ ਗੱਲ ’ਤੇ ਬਹਿਸ ਕਰ ਰਹੇ ਸਨ ਕਿ ਜੱਗੂ ਭਗਵਾਨਪੁਰੀਆ ਕਿਸਦਾ ਬੰਦਾ ਹੈ, ਜਦਕਿ ਆਪ ਸਰਕਾਰ ਨੇ ਸਰਹੱਦਾਂ ਪਾਰ ਜਾ ਕੇ ਅਜਿਹੇ ਭਗੌੜਿਆਂ ਦਾ ਪਿੱਛਾ ਕੀਤਾ ਹੈ ਤੇ ਇਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਯਕੀਨੀ ਬਣਾਇਆ ਹੈ। ਚੇਅਰਮੈਨ ਲੁਬਾਣਾ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦੇ ਖ਼ਾਤਮੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਤੇ ਉਹ ਅਜਿਹੇ ਅਨਸਰਾਂ ਨੂੰ ਨਾ ਤਾਂ ਪੰਜਾਬ ਦੀ ਧਰਤੀ ਤੋਂ ਤੇ ਨਾ ਹੀ ਵਿਦੇਸ਼ਾਂ ਤੋਂ ਆਪਣਾ ਗੈਰ-ਕਾਨੂੰਨੀ ਕਾਰੋਬਾਰ ਚਲਾਉਣ ਦੀ ਇਜ਼ਾਜਤ ਦੇਵੇਗੀ। ਉਨ੍ਹਾਂ ਦੱਸਿਆ ਕਿ 20 ਜਨਵਰੀ 2026 ਨੂੰ ਸਥਾਪਿਤ ਕੀਤੇ ਗਏ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਐੱਫਟੀਈਸੀ) ਨੇ ਮਹਿਜ਼ ਸੱਤ ਮਹੀਨਿਆਂ ਵਿੱਚ 10 ਲੋੜੀਂਦੇ ਭਗੌੜਿਆਂ ਦੀ ਡਿਪੋਰਟੇਸ਼ਨ ਜਾਂ ਹਵਾਲਗੀ ਸਫਲਤਾਪੂਰਵਕ ਯਕੀਨੀ ਬਣਾਈ ਹੈ, ਜਦਕਿ 21 ਹੋਰ ਹਵਾਲਗੀ ਪ੍ਰਸਤਾਵ ਕੇਂਦਰ ਸਰਕਾਰ ਕੋਲ ਲੰਬਿਤ ਪਏ ਹਨ। ਉਨ੍ਹਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਲੜਾਈ ਦਾ ਦ੍ਰਿੜ ਸੰਕਲਪ ਲਿਆ ਸੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਇਹੋ ਸੰਕਲਪ ਲੈ ਕੇ ਚੱਲੇ ਹਾਂ ਕਿ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸਾਡਾ ਮੰਨਣਾ ਹੈ ਕਿ ਇਹ ਉਹੀ ਅਨਸਰ ਹਨ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਵਧਣ-ਫੁੱਲਣ ਦਿੱਤਾ, ਭਾਵੇਂ ਇਹ ਅਕਾਲੀ ਦਲ-ਭਾਜਪਾ ਦਾ ਦਹਾਕੇ ਭਰ ਦਾ ਕਾਰਜਕਾਲ ਰਿਹਾ ਹੋਵੇ ਜਾਂ ਕਾਂਗਰਸ ਦਾ ਪੰਜ ਸਾਲ ਦਾ ਕਾਰਜਕਾਲ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਸਥਿਤੀ ਇਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਵੀ ਗੈਂਗਸਟਰਵਾਦ ਇੱਕ ਵੱਡਾ ਮੁੱਦਾ ਬਣ ਗਿਆ ਸੀ। ਉਨ੍ਹਾਂ ਕਿਹਾ ਜੇਕਰ ਤੁਸੀਂ ਵਿਧਾਨ ਸਭਾ ਦੇ 2021 ਦੇ ਬਜਟ ਸੈਸ਼ਨ ਦੇ ਭਾਸ਼ਣ ਕੱਢ ਕੇ ਦੇਖੋ, ਜਦੋਂ ਅਕਾਲੀ ਦਲ ਵਿਰੋਧੀ ਧਿਰ ਵਿੱਚ ਸੀ ਤੇ ਕਾਂਗਰਸ ਸੱਤਾ ਵਿੱਚ ਸੀ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਸਨ ਕਿ ਸਦਨ ਦੇ ਅੰਦਰ ਉਨ੍ਹਾਂ ਬਾਰੇ ਚਰਚਾ ਹੋ ਰਹੀ ਸੀ। ਉਨ੍ਹਾਂ ਅੱਗੇ ਕਿਹਾ ਜਿਸ ਦਿਨ ਤੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਹੈ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਅਨਸਰਾਂ ਨੂੰ ਪੰਜਾਬ ਦੀ ਧਰਤੀ ’ਤੇ ਗ਼ੈਰਕਾਨੂੰਨੀ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।