ਡਿਵਾਈਨ ਸਕੂਲ ’ਚ ਕਰਵਾਇਆ ਪਹਿਲਾ ਸ਼ਤਰੰਜ ਮੁਕਾਬਲਾ ਡਿਵਾਈਨ ਪਬਲਿਕ ਸਕੂਲ ਫਗਵਾੜਾ ਵਿਖੇ ਕਰਵਾਇਆ ਗਿਆ ਪਹਿਲਾ ਸ਼ਤਰੰਜ ਮੁਕਾਬਲਾ
Publish Date: Sun, 01 Nov 2026 07:41 PM (IST)
Updated Date: Sun, 01 Nov 2026 07:44 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਵਿੱਚ ਸ਼ਤਰੰਜ ਦੀ ਖੇਡ ਨੂੰ ਉਤਸ਼ਾਹਿਤ ਕਰਨ ਤੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮਕਸਦ ਨਾਲ ਡਿਵਾਈਨ ਪਬਲਿਕ ਸਕੂਲ ਫਗਵਾੜਾ ਵਿਖੇ ਇਲੀਟ ਕਿੰਗਸ ਚੈੱਸ ਅਕੈਡਮੀ ਦੀ ਅਗਵਾਈ ਹੇਠ ਪਹਿਲਾ ਸ਼ਤਰੰਜ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਦੇ ਕਰੀਬ 60 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਮੁਕਾਬਲੇ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਡਿਵਾਈਨ ਪਬਲਿਕ ਸਕੂਲ ਹਮੇਸ਼ਾ ਹੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਦਾ ਆ ਰਿਹਾ ਹੈ। ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਤੇ ਉਨ੍ਹਾਂ ਵਿੱਚ ਅਨੁਸ਼ਾਸਨ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਇਸ ਮੌਕੇ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਤੇ ਜਿੱਤਾਂ ਦਰਜ ਕੀਤੀਆਂ। ਮੁਕਾਬਲੇ ਦੇ ਵੱਖ-ਵੱਖ ਵਰਗਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਰੇਨੂ ਠਾਕੁਰ ਵੱਲੋਂ ਟਰਾਫੀਆਂ, ਸਰਟੀਫਿਕੇਟ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰੇਨੂ ਠਾਕੁਰ ਨੇ ਕਿਹਾ ਕਿ ਫਗਵਾੜਾ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਸ਼ਤਰੰਜ ਮੁਕਾਬਲਾ ਕਰਵਾਉਣਾ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਸਕੂਲ ਵੱਲੋਂ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਮਿਲ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਡਿਵਾਈਨ ਪਬਲਿਕ ਸਕੂਲ ਵੱਲੋਂ ਜਲਦ ਹੀ ਕ੍ਰਿਕਟ ਅਕੈਡਮੀ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿੱਥੇ ਬੱਚਿਆਂ ਨੂੰ ਮਾਹਿਰਾਂ ਦੀ ਦੇਖ-ਰੇਖ ਹੇਠ ਕ੍ਰਿਕਟ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਤਰੰਜ ਦੇ ਸ਼ੌਕੀਨ ਵਿਦਿਆਰਥੀਆਂ ਲਈ ਸਕੂਲ ਵਿੱਚ ਬਕਾਇਦਾ ਸ਼ਤਰੰਜ ਟ੍ਰੇਨਰ ਵੀ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਬੱਚੇ ਆਪਣੀ ਖੇਡ ਦੇ ਹੁਨਰ ਨੂੰ ਹੋਰ ਨਿਖਾਰ ਸਕਣ।