ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਤੇ ਦੀਪਮਾਲਾ
ਪ੍ਰਕਾਸ਼ ਪੁਰਬ ਮੌਕੇ ਸ੍ਰੀ ਬੇਰ ਸਾਹਿਬ ਵਿਖੇ ਆਤਿਸ਼ਬਾਜ਼ੀ ਅਤੇ ਦੀਪਮਾਲਾ ਕੀਤੀ
Publish Date: Tue, 24 Nov 2026 09:05 PM (IST)
Updated Date: Tue, 24 Nov 2026 09:07 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਹੋਰ ਗੁਰੂਧਾਮਾਂ ਵਿਖੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਈਆਂ ਤੇ ਗੁਰੂ ਘਰਾਂ ਵਿਖੇ ਹਾਜ਼ਰੀਆਂ ਭਰੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਾਵਨ ਨਗਰੀ ਵਿਖੇ ਵੱਡੀ ਤਾਦਾਦ ਵਿੱਚ ਜਿੱਥੇ ਸੰਗਤਾਂ ਪਹੁੰਚ ਕੇ ਵੱਖ-ਵੱਖ ਗੁਰੂ ਘਰਾਂ ਵਿਖੇ ਨਤਮਸਤਕ ਹੋ ਰਹੀਆਂ ਸਨ, ਉੱਥੇ ਹੀ ਲੰਗਰਾਂ ਵਿੱਚ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰਾਂ ਤੋਂ ਲਾਹਾ ਪ੍ਰਾਪਤ ਕਰ ਰਹੀਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਚਾਰੇ ਪਾਸੇ ਅਲੌਕਿਕ ਦ੍ਰਿਸ਼ ਦਿਖਾਈ ਦੇ ਰਿਹਾ ਸੀ ਤੇ ਚਾਰ-ਚੁਫੇਰਾ ਰੌਸ਼ਨੀਆਂ ਬਖੇਰ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਪਵਿੱਤਰ ਵੇਈਂ ਨਦੀ ਕਿਨਾਰੇ ਦੀਵੇ ਤੇ ਮੋਮਬੱਤੀਆਂ ਜਗਾ ਕੇ ਦੀਪਮਾਲਾ ਕੀਤੀ ਗਈ ਤੇ ਸਮਾਗਮ ਸਮੇਂ ਅਲੌਕਿਕ ਆਤਿਸ਼ਬਾਜ਼ੀ ਵੀ ਪ੍ਰਦਰਸ਼ਿਤ ਕੀਤੀ ਗਈ। ਇਸ ਅਲੌਕਿਕ ਨਜ਼ਾਰੇ ਦਾ ਦ੍ਰਿਸ਼ ਸੰਗਤਾਂ ਦੇ ਵੇਖਣ ਯੋਗ ਸੀ ਜਿਸ ਨਾਲ ਸਮੁੱਚੀਆਂ ਸੰਗਤਾਂ ਅੰਦਰ ਹੋਰ ਵੀ ਉਤਸ਼ਾਹ ਉਤਪੰਨ ਹੋਇਆ।