
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਮਰਸ਼ੀਅਲ ਇਮਾਰਤਾਂ ਵਿੱਚ ਬਿਲਡਿੰਗ ਦੀ ਲੋੜ ਅਨੁਸਾਰ ਫਾਇਰ ਸੇਫਟੀ ਪ੍ਰਬੰਧ ਜ਼ਰੂਰੀ : ਮਨਿੰਦਰ ਸਿੰਘ ਏ.ਡੀ.ਐੱਫ.ਓ.

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਸ਼ਹਿਰ ਵਿੱਚ ਵੱਧ ਰਹੀਆਂ ਵਪਾਰਕ ਗਤੀਵਿਧੀਆਂ, ਉਦਯੋਗਿਕ ਇਕਾਈਆਂ, ਸਕੂਲਾਂ, ਹਸਪਤਾਲਾਂ, ਪੀਜੀ ਤੇ ਹੋਰ ਜਨਤਕ ਅਦਾਰਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਫਾਇਰ ਸੇਫਟੀ ਪ੍ਰਬੰਧਾਂ ਸਬੰਧੀ ਵਿਭਾਗੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ‘ਪੰਜਾਬੀ ਜਾਗਰਣ’ ਅਦਾਰੇ ਵੱਲੋਂ ਵਿਭਾਗ ਦੇ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ (ਏਡੀਐੱਫਓ) ਮਨਿੰਦਰ ਸਿੰਘ ਨਾਲ ਖਾਸ ਮੁਲਾਕਾਤ ਕੀਤੀ।
ਫਾਇਰ ਸੇਫਟੀ ਨੂੰ ਲੈ ਕੇ ਪ੍ਰਬੰਧਾਂ ਬਾਰੇ ਪੁੱਛਣ ’ਤੇ ਏਡੀਐੱਫਓ ਮਨਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਹੁੰਦੀ ਹੈ, ਉੱਥੇ ਅੱਗ ਤੋਂ ਬਚਾਅ ਲਈ ਪੂਰੇ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਇਮਾਰਤ ਵਿੱਚ ਫਾਇਰ ਸੇਫਟੀ ਸਿਸਟਮ ਲਗਵਾਉਣ ਤੋਂ ਬਾਅਦ ਵਿਭਾਗ ਤੋਂ ਇਸ ਦੀ ਜਾਂਚ ਕਰਵਾ ਕੇ ਨਿਯਮਾਂ ਅਨੁਸਾਰ ਐੱਨਓਸੀ ਪ੍ਰਾਪਤ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਦਸਤਾਵੇਜ਼ੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਦੋ-ਚਾਰ ਫਾਇਰ ਸਿਲੰਡਰ ਰੱਖ ਦੇਣਾ ਹੀ ਪੂਰੀ ਫਾਇਰ ਸੇਫਟੀ ਨਹੀਂ ਹੈ। ਫਾਇਰ ਵਿਭਾਗ ਵੱਲੋਂ ਨੈਸ਼ਨਲ ਬਿਲਡਿੰਗ ਕੋਡ ਦੇ ਨਿਯਮਾਂ ਅਨੁਸਾਰ ਇਮਾਰਤ ਦੀ ਸ਼੍ਰੇਣੀ, ਖੇਤਰਫਲ ਤੇ ਉਸ ਦੀ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਫਾਇਰ ਸੇਫਟੀ ਪ੍ਰਬੰਧਾਂ ਦੀ ਜਾਂਚ ਕੀਤੀ ਜਾਂਦੀ ਹੈ। ਨਿਰਧਾਰਤ ਮਾਪਦੰਡ ਪੂਰੇ ਹੋਣ ਤੋਂ ਬਾਅਦ ਹੀ ਵਿਭਾਗ ਵੱਲੋਂ ਫਾਇਰ ਐੱਨਓਸੀ ਜਾਰੀ ਕੀਤੀ ਜਾਂਦੀ ਹੈ।
ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਹੁੰਦੇ ਹਨ ਫਾਇਰ ਸੇਫਟੀ ਪ੍ਰਬੰਧ
ਏਡੀਐੱਫਓ ਨੇ ਦੱਸਿਆ ਕਿ ਸਕੂਲ, ਹਸਪਤਾਲ, ਕਮਰਸ਼ੀਅਲ ਇਮਾਰਤਾਂ ਤੇ ਹੋਰ ਅਦਾਰੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਉਂਦੇ ਹਨ। ਇਸ ਲਈ ਸਾਰੀਆਂ ਇਮਾਰਤਾਂ ਲਈ ਇੱਕੋ ਜਿਹੇ ਫਾਇਰ ਸੇਫਟੀ ਪ੍ਰਬੰਧ ਲਾਗੂ ਨਹੀਂ ਹੁੰਦੇ। ਇਮਾਰਤ ਦੇ ਖੇਤਰਫਲ ਤੇ ਉਸ ਦੀ ਸ਼੍ਰੇਣੀ ਅਨੁਸਾਰ ਵੱਖ-ਵੱਖ ਕਿਸਮ ਦੇ ਫਾਇਰ ਸੇਫਟੀ ਸਿਸਟਮ ਲਗਾਉਣ ਦੀ ਲੋੜ ਹੁੰਦੀ ਹੈ। ਵਿਭਾਗ ਵੱਲੋਂ ਇਨ੍ਹਾਂ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਇਕਾਈਆਂ ਨੂੰ ਵੀ ਉਨ੍ਹਾਂ ਦੀ ਕਿਸਮ ਤੇ ਅੱਗ ਦੇ ਸੰਭਾਵਿਤ ਖਤਰੇ ਦੇ ਆਧਾਰ ’ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਨੈਸ਼ਨਲ ਬਿਲਡਿੰਗ ਕੋਡ ਅਨੁਸਾਰ ਉਦਯੋਗਿਕ ਇਕਾਈਆਂ ਲਈ ਨਿਰਧਾਰਤ ਸ਼੍ਰੇਣੀ ਤੇ ਜੋਖਮ ਪੱਧਰ ਦੇ ਮੁਤਾਬਕ ਲੋੜੀਂਦੇ ਫਾਇਰ ਸੇਫਟੀ ਪ੍ਰਬੰਧ ਕਰਨਾ ਤੇ ਫਾਇਰ ਐੱਨਓਸੀ ਲੈਣਾ ਜ਼ਰੂਰੀ ਹੈ।
ਜਨਰੇਟਰ ਤੇ ਹੋਰ ਉਪਕਰਨਾਂ ਦੀ ਸੁਰੱਖਿਆ ਵੀ ਜ਼ਰੂਰੀ
ਏਡੀਐੱਫਓ ਨੇ ਕਿਹਾ ਕਿ ਜਿੱਥੇ ਭਾਰੀ ਮਸ਼ੀਨਰੀ ਜਾਂ ਜਨਰੇਟਰ ਆਦਿ ਲਗਾਏ ਜਾਂਦੇ ਹਨ, ਉੱਥੇ ਵੀ ਅੱਗ ਦੇ ਸੰਭਾਵਿਤ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ। ਜਨਰੇਟਰ ਵਿੱਚ ਡੀਜ਼ਲ ਦੀ ਵਰਤੋਂ ਹੁੰਦੀ ਹੈ, ਜਿਸ ਕਾਰਨ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਵਿਭਾਗੀ ਜਾਂਚ ਦੌਰਾਨ ਅਜਿਹੇ ਸਥਾਨਾਂ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਅੱਗ ਲੱਗਣ ਦੀ ਸਥਿਤੀ ਵਿੱਚ ਉਸ ਨੂੰ ਜਲਦੀ ਕਾਬੂ ਕਰਨ ਲਈ ਜ਼ਰੂਰੀ ਉਪਾਅ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਾਇਰ ਸੇਫਟੀ ਸਿਸਟਮ ਦਾ ਮਕਸਦ ਸਿਰਫ਼ ਐੱਨਓਸੀ ਹਾਸਲ ਕਰਨਾ ਨਹੀਂ, ਸਗੋਂ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਜਾਨ ਤੇ ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਵਿੱਚ ਯੂਨੀਵਰਸਿਟੀਆਂ ਦੇ ਆਸ-ਪਾਸ ਤੇ ਹੋਰ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਪੀਜੀ ਤੇ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ। ਅਜਿਹੇ ਸਥਾਨਾਂ ’ਤੇ ਵੀ ਇਮਾਰਤ ਦੀ ਕਿਸਮ ਤੇ ਵਰਤੋਂ ਅਨੁਸਾਰ ਫਾਇਰ ਸੇਫਟੀ ਦੇ ਲੋੜੀਂਦੇ ਪ੍ਰਬੰਧ ਹੋਣਾ ਜ਼ਰੂਰੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਂਚ ਕਰਕੇ ਲੋਕਾਂ ਨੂੰ ਫਾਇਰ ਸੇਫਟੀ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।