ਫਗਵਾੜਾ ਦੇ ਸਤਲੁਜ ਹਸਪਤਾਲ ’ਚ ਲੱਗੀ ਅੱਗ
ਫਗਵਾੜਾ ਦੇ ਸਤਲੁਜ ਹਸਪਤਾਲ ਚ ਲੱਗੀ ਅੱਗ
Publish Date: Mon, 17 Aug 2026 08:54 PM (IST)
Updated Date: Mon, 17 Aug 2026 08:57 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼ਹਿਰ ਦੇ ਸਤਲੁਜ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਹਸਪਤਾਲ ਦੀ ਉੱਪਰਲੀ ਮੰਜ਼ਿਲ ’ਤੇ ਬਣੇ ਜਨਰੇਟਰ ਰੂਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਜਨਰੇਟਰ ਰੂਮ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਹਸਪਤਾਲ ਸਟਾਫ ਨੇ ਤੁਰੰਤ ਡਾਕਟਰਾਂ ਨੂੰ ਸੂਚਿਤ ਕੀਤਾ। ਹਸਪਤਾਲ ਦੇ ਡਾਕਟਰ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਿਜਲੀ ਦੇ ਕੱਟ ਲੱਗਣ ਕਾਰਨ ਜੈਨਰੇਟਰ ਲਗਾਤਾਰ ਚੱਲ ਰਿਹਾ ਸੀ। ਉਨ੍ਹਾਂ ਮੁਤਾਬਕ, ਅੱਤ ਦੀ ਗਰਮੀ ਕਾਰਨ ਜੈਨਰੇਟਰ ਹੀਟ ਹੋਣ ਨਾਲ ਅੱਗ ਲੱਗਣ ਦੀ ਸੰਭਾਵਨਾ ਹੈ। ਸਟਾਫ ਵੱਲੋਂ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਧਿਕਾਰੀ ਹਮਰਾਜ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਦੇ ਹੀ ਦੋ ਫਾਇਰ ਟੈਂਡਰਾਂ ਸਮੇਤ ਟੀਮ ਤੁਰੰਤ ਸਤਲੁਜ ਹਸਪਤਾਲ ਪਹੁੰਚੀ ਤੇ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਅਧਿਕਾਰੀ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।