ਕਪੂਰਥਲਾ ਦੇ ਆਈਡੀਬੀਆਈ ਬੈਂਕ ’ਚ ਲੱਗੀ ਅੱਗ ਕਪੂਰਥਲਾ ਵਿੱਚ IDBI ਬੈਂਕ ਵਿੱਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ
Publish Date: Sat, 29 Aug 2026 06:44 PM (IST)
Updated Date: Sat, 29 Aug 2026 06:46 PM (IST)
--ਲੱਖਾਂ ਰੁਪਏ ਦਾ ਨੁਕਸਾਨ, ਸਵੇਰੇ ਸਵੱਖਤੇ ਮਿਲੀ ਸੀ ਸੂਚਨਾ --ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ’ਚ ਪਾਇਆ ਅੱਗ ’ਤੇ ਕਾਬੂ ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਰੇਲਵੇ ਸਟੇਸ਼ਨ ਰੋਡ ’ਤੇ ਸਥਿੱਤ ਆਈਡੀਬੀਆਈ ਬੈਂਕ ਦੀ ਸ਼ਾਖਾ ਵਿੱਚ ਸ਼ਨੀਵਾਰ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਬੈਂਕ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਅਫਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੌਕੇ ’ਤੇ ਪਹੁੰਚੀ ਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ, ਸ਼ਨੀਵਾਰ ਸਵੇਰੇ ਕਰੀਬ 5:59 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਰੋਡ ਸਥਿਤ ਬੈਂਕ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦੇ ਹੀ ਟੀਮ ਬਿਨਾਂ ਦੇਰੀ ਕੀਤੇ ਘਟਨਾ ਸਥਾਨ ’ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਬੈਂਕ ਦੇ ਅੰਦਰ ਜਾ ਕੇ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਕਰੀਬ ਅੱਧੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਹੋ ਸਕੇਗੀ। --ਦਸਤਾਵੇਜ਼ ਤੇ ਫਰਨੀਚਰ ਨੂੰ ਨੁਕਸਾਨ ਉਥੇ ਹੀ ਬੈਂਕ ਦੇ ਬ੍ਰਾਂਚ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6 ਵਜੇ ਸੂਚਨਾ ਮਿਲੀ ਸੀ ਕਿ ਬੈਂਕ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦੇ ਹੀ ਉਹ ਤੁਰੰਤ ਬੈਂਕ ਪਹੁੰਚੇ। ਉਸ ਸਮੇਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਚੁੱਕੀ ਸੀ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਬੈਂਕ ਦੇ ਅੰਦਰ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਬ੍ਰਾਂਚ ਮੈਨੇਜਰ ਅਨੁਸਾਰ, ਅੱਗ ਕਾਰਨ ਬੈਂਕ ਵਿੱਚ ਪਏ ਜ਼ਰੂਰੀ ਦਸਤਾਵੇਜ਼ਾਂ, ਫਰਨੀਚਰ ਤੇ ਹੋਰ ਸਮਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਬੈਂਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। --ਲਾਕਰ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਘਟਨਾ ਦੌਰਾਨ ਰਾਹਤ ਦੀ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਬੈਂਕ ਦਾ ਲਾਕਰ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅੱਗ ਕਾਰਨ ਲਾਕਰ ਖੇਤਰ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ। ਇਸ ਨਾਲ ਬੈਂਕ ਵਿੱਚ ਰੱਖੇ ਲਾਕਰਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਟਲ ਗਈ ਹੈ। ਫਿਲਹਾਲ ਫਾਇਰ ਬ੍ਰਿਗੇਡ ਤੇ ਬੈਂਕ ਪ੍ਰਬੰਧਨ ਵੱਲੋਂ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਮੁੱਢਲੇ ਤੌਰ ’ਤੇ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨ ਤੇ ਕੁੱਲ ਨੁਕਸਾਨ ਦੀ ਸਥਿਤੀ ਸਪੱਸ਼ਟ ਹੋ ਸਕੇਗੀ।