ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੂੰ ਮਿਲੇ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਨੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
Publish Date: Sat, 10 Oct 2026 08:58 PM (IST)
Updated Date: Sat, 10 Oct 2026 08:59 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ, ਜੋ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸਵਰਗੀ ਸੰਤੋਖ ਸਿੰਘ ਦੇ ਸਪੁੱਤਰ ਹਨ, ਦੇ ਪਰਿਵਾਰ ਨਾਲ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਕਮਲਪ੍ਰੀਤ ਕੌਰ ਵੱਲੋਂ ਅਨੁਰਾਗ ਸਿੰਘ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਵਿਸ਼ੇਸ਼ ਮਿਲਣੀ ਦੌਰਾਨ ਪਰਿਵਾਰਕ ਸਾਂਝ ਤੇ ਆਪਸੀ ਪਿਆਰ ਦੀ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਅਨੁਰਾਗ ਸਿੰਘ ਦੀ ਮਾਤਾ ਡਾ. ਬਲਜੀਤ ਕੌਰ ਤੇ ਜੀਤ ਸਿੰਘ ਯੂਐੱਸਏ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਮਾਜ ਸੇਵੀ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਕੀਤੇ ਗਏ ਸਵਾਗਤ ਤੇ ਸਨਮਾਨ ਨੇ ਇਸ ਮੁਲਾਕਾਤ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਨੇ ਪੰਜਾਬੀ ਤੇ ਹਿੰਦੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਵੱਲੋਂ ਨਿਰਦੇਸ਼ਿਤ ਫ਼ਿਲਮ ‘ਪੰਜਾਬ 1984’ ਨੇ ਪੰਜਾਬੀ ਸਿਨੇਮਾ ਵਿੱਚ ਵਿਸ਼ੇਸ਼ ਥਾਂ ਬਣਾਈ ਹੈ, ਜਦਕਿ ‘ਬਾਰਡਰ-2’ ਨੂੰ ਲੈ ਕੇ ਵੀ ਉਹ ਚਰਚਾ ਵਿੱਚ ਹਨ। ਇਸ ਦੌਰਾਨ ਸਮਾਜ ਸੇਵੀ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਅਨੁਰਾਗ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਉਨ੍ਹਾਂ ਨੇ ਪਵਿੱਤਰ ਗੁਰਧਾਮ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।