ਜਨਮ ਅਸ਼ਟਮੀ ’ਤੇ ਫਗਵਾੜਾ ਦੇ ਮੰਦਰਾਂ ’ਚ ਲੱਗੀਆਂ ਰੌਣਕਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਫਗਵਾੜਾ ਸ਼ਹਿਰ ਦੇ ਮੰਦਰਾਂ ਵਿੱਚ ਲੱਗੀਆਂ ਰੌਣਕਾਂ
Publish Date: Sat, 05 Sep 2026 09:06 PM (IST)
Updated Date: Sat, 05 Sep 2026 09:07 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਫਗਵਾੜਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਭਗਤੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ, ਜਦਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੇ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਨਮ ਅਸ਼ਟਮੀ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ, ਪੂਜਾ-ਅਰਚਨਾ ਤੇ ਭਜਨ-ਕੀਰਤਨ ਕਰਵਾਏ ਗਏ। ਇਸ ਦੌਰਾਨ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸ਼ਰਧਾਲੂਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਅੱਗੇ ਮੱਥਾ ਟੇਕਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਸ਼ਹਿਰ ਦੇ ਮੰਦਰਾਂ ਵਿੱਚ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਆਗੂਆਂ ਨੇ ਸ਼ਹਿਰ ਵਾਸੀਆਂ ਤੇ ਸਮੂਹ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜੀਵਨ ਸਾਨੂੰ ਸੱਚਾਈ, ਧਰਮ, ਨਿਆਂ, ਪ੍ਰੇਮ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ। ਮੰਦਰਾਂ ਵਿੱਚ ਆਏ ਸ਼ਰਧਾਲੂਆਂ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪ੍ਰਸਾਦ, ਠੰਢੇ-ਮਿੱਠੇ ਜਲ ਤੇ ਹੋਰ ਸੇਵਾਵਾਂ ਦੇ ਪ੍ਰਬੰਧ ਕੀਤੇ ਗਏ। ਸ਼ਹਿਰ ਵਿੱਚ ਦੇਰ ਰਾਤ ਤੱਕ ਭਗਤੀਮਈ ਮਾਹੌਲ ਬਣਿਆ ਰਿਹਾ। ਇਸ ਮੌਕੇ ਕੌਸਲਰ ਤਰਨਜੀਤ ਸਿੰਘ ਬੰਟੀ ਵਾਲੀਆ,ਨਰੇਸ਼ ਭਾਰਦਵਾਜ,ਅਰੁਣ ਖੋਸਲਾ,ਨਿਿਤਨ ਚੱਢਾ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।