ਤਿਉਹਾਰ ਭਾਈਚਾਰੇ ਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ : ਡਾ. ਖ਼ਾਨ ਤਿਉਹਾਰ ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ-ਡਾ.ਵਸੀਮ ਖ਼ਾਨ
Publish Date: Thu, 29 Oct 2026 09:12 PM (IST)
Updated Date: Thu, 29 Oct 2026 09:13 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਤਿਉਹਾਰ ਸਿਰਫ਼ ਜਸ਼ਨ ਮਨਾਉਣ ਦਾ ਸਾਧਨ ਨਹੀਂ ਹਨ, ਸਗੋਂ ਇਹ ਸੇਵਾ, ਸੱਭਿਆਚਾਰ ਤੇ ਭਾਈਚਾਰੇ ਦਾ ਡੂੰਘਾ ਸੰਦੇਸ਼ ਵੀ ਦਿੰਦੇ ਹਨ।ਵ ਤਿਉਹਾਰ ਸਾਨੂੰ ਆਪਣੇ ਅਜ਼ੀਜ਼ਾਂ ਤੇ ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦੇ ਹਨ। ਗਰੀਬਾਂ ਨੂੰ ਭੋਜਨ ਦੇਣਾ, ਦਾਨ ਦੇਣਾ ਤੇ ਇਕੱਠੇ ਕੰਮ ਕਰਨਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹਨ। ਤਿਉਹਾਰ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ, ਆਪਣੀ ਸੱਭਿਅਤਾ ਨੂੰ ਯਾਦ ਰੱਖਣਾ ਤੇ ਸਹੀ ਤੇ ਗਲਤ ਵਿੱਚ ਫ਼ਰਕ ਕਰਨਾ ਸਿਖਾਉਂਦੇ ਹਨ। ਹੋਲੀ, ਦੀਵਾਲੀ, ਈਦ, ਕ੍ਰਿਸਮਸ ਤੇ ਗੁਰਪੁਰਬ ਵਰਗੇ ਤਿਉਹਾਰ ਸਾਰਿਆਂ ਨੂੰ ਇਕੱਠੇ ਰਹਿਣ ਤੇ ਬਿਨਾਂ ਕਿਸੇ ਭੇਦਭਾਵ ਦੇ ਪਿਆਰ ਸਾਂਝਾ ਕਰਨ ਲਈ ਪ੍ਰੇਰਿਤ ਕਰਦੇ ਹਨ। ਤਿਉਹਾਰ ਭਾਰਤੀ ਸੱਭਿਆਚਾਰ, ਧਾਰਮਿਕ ਵਿਸ਼ਵਾਸ ਤੇ ਸਮਾਜਿਕ ਏਕਤਾ ਦਾ ਪ੍ਰਤੀਕ ਹਨ। ਦੀਵਾਲੀ,ਦੁਸਹਿਰਾ, ਗੋਵਰਧਨ ਪੂਜਾ ਤੇ ਹੋਰ ਤਿਉਹਾਰ ਲੋਕਾਂ ਨੂੰ ਪਿਆਰ, ਭਾਈਚਾਰੇ ਤੇ ਸਦਭਾਵਨਾ ਦੇ ਬੰਧਨ ਵਿੱਚ ਬੰਨ੍ਹਦੇ ਹਨ। ਤਿਉਹਾਰਾਂ ਦੀ ਸੱਚੀ ਖੁਸ਼ੀ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਉਹ ਧਾਰਮਿਕ ਪਰੰਪਰਾਵਾਂ ਦੇ ਸਤਿਕਾਰ ਨਾਲ ਮਨਾਏ ਜਾਂਦੇ ਹਨ, ਲੋੜਵੰਦਾਂ ਦੀ ਮਦਦ ਕਰਦੇ ਹਨ, ਵਾਤਾਵਰਣ ਦੀ ਰੱਖਿਆ ਕਰਦੇ ਹਨ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਵਧਾਉਂਦੇ ਹਨ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਵਸੀਮ ਅਹਮਦ ਖ਼ਾਨ ਨੇ ਦੇਸ਼, ਪੰਜਾਬ ਤੇ ਹਲਕੇ ਦੇ ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੰਦਿਆਂ ਕਹੀ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਆਪਸੀ ਭਾਈਚਾਰਾ, ਪਿਆਰ, ਸਦਭਾਵਨਾ, ਏਕਤਾ ਤੇ ਆਪਣੇ ਰੀਤੀ-ਰਿਵਾਜਾਂ ਬਾਰੇ ਸਿਖਾਉਂਦੇ ਹਨ। ਇਸ ਲਈ ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਭੇਦਭਾਵ ਨੂੰ ਖਤਮ ਕਰਕੇ ਤੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ। ਤਿਉਹਾਰ ਤੇ ਰੀਤੀ-ਰਿਵਾਜ ਸਾਡੀ ਸੱਭਿਆਚਾਰਕ ਵਿਰਾਸਤ ਹਨ ਤੇ ਇਹ ਸਾਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ। ਰਫੀਕ ਮੁਹੰਮਦ ਨੇ ਕਿਹਾ ਕਿ ਤਿਉਹਾਰ ਨਾ ਸਿਰਫ਼ ਸਾਨੂੰ ਏਕਤਾ ਵਿੱਚ ਬੰਨ੍ਹਦੇ ਹਨ ਬਲਕਿ ਸਾਡੀ ਸਮਾਜਿਕ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਹ ਨਾਗਰਿਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਤੇ ਦੋਸਤੀ ਦੀਆਂ ਭਾਵਨਾਵਾਂ ਨੂੰ ਜਗਾਉਂਦੇ ਹਨ।